ਫਾਈਲ ਫੋਟੋ
ਮੋਹਾਲੀ, 14 ਜਨਵਰੀ, 2017 : ਖਰੜ ਵਿਧਾਨ ਸਭਾ ਦੇ ਮੁਲਾਂਪੁਰ 'ਚ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਰੈਲੀ ਦੌਰਾਨ ਅਕਾਲੀ ਦਲ ਅਤੇ ਕਾਂਗਰਸ 'ਤੇ ਜਮ ਕੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀਆਂ ਤੇ ਕਾਂਗਰਸ ਦੋਹਾਂ ਤੋਂ ਦੁਖੀ ਹੈ। ਉੱਧਰ ਰਾਜਪੁਰਾ 'ਚ ਦੇਰ ਸ਼ਾਮ ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਨੌਜਵਾਨ ਨਸ਼ੇ ਦੇ ਜਾਲ 'ਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਫਸਲਾਂ ਦੇ ਬਰਬਾਦ ਹੋਣ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਮਾਨ ਨੇ ਕਿਹਾ ਕਿ 11 ਮਾਰਚ ਨੂੰ 'ਆਪ' ਦੀ ਸਰਕਾਰ ਬਣਨ ਤੋਂ ਬਾਅਦ 16 ਮਾਰਚ ਨੂੰ ਬਿਕਰਮ ਮਜੀਠੀਆ ਤੇ ਸਿਕੰਦਰ ਸਿੰਘ ਮਲੂਕਾ ਨੂੰ ਜੇਲ ਭੇਜਾਂਗੇ। ਪੰਜਾਬ 'ਚ ਸਭ ਤੋਂ ਪਹਿਲਾਂ ਝਾੜੂ ਨਾਲ ਸਫਾਈ ਕੀਤੀ ਜਾਵੇਗੀ, ਫਿਰ ਦੇਸ਼ ਦੀ ਵਾਰੀ ਆਵੇਗੀ। ਲੋਕ ਹੁਣ ਅਕਾਲੀਆਂ ਤੇ ਕਾਂਗਰਸੀਆਂ ਤੋਂ ਦੁਖੀ ਹੋ ਗਏ ਹਨ। ਇਸ ਲਈ ਇਸ ਵਾਰ ਜਨਤਾ 'ਆਪ' ਨਾਲ ਹੈ ਅਤੇ ਸੂਬੇ 'ਚ 'ਆਪ' ਦੀ ਸਰਕਾਰ ਹੀ ਆਵੇਗੀ।
ਮਾਨ ਨੇ ਕਿਹਾ ਕਿ 'ਆਪ' ਪੰਜਾਬ 'ਚ ਪੰਜਾਬੀਆਂ ਦੀ ਸਰਕਾਰ ਬਣਾਏਗੀ ਜਿਹੜੀ ਭ੍ਰਿਸ਼ਟਾਚਾਰ, ਨਸ਼ੇ ਨੂੰ ਦੂਰ ਕਰੇਗੀ ਅਤੇ ਪੰਜਾਬੀਆਂ ਨੂੰ ਸੁਨਹਿਰਾ ਪੰਜਾਬ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੂੰ ਆਪ ਦੇ ਮੁਕਾਬਲੇ ਉਮੀਦਵਾਰ ਹੀ ਨਹੀਂ ਮਿਲ ਰਹੇ। ਇਸ ਲਈ ਬਾਹਰਲਿਆਂ ਨੂੰ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ। ਜਿਸ ਕਾਰਨ ਪਾਰਟੀਆਂ ਦੇ ਆਪਣੇ ਉਮੀਦਵਾਰਾਂ 'ਚ ਜੰਗ ਸ਼ੁਰੂ ਹੋ ਗਈ ਹੈ ਅਤੇ ਸੂਬੇ ਦਾ ਹਰ ਵਿਅਕਤੀ ਦੇਖ ਰਿਹਾ ਹੈ। ਖਰੜ ਵਿਧਾਨ ਸਭਾ ਦੇ ਹਲਕੇ ਮੁਲਾਂਪੁਰ 'ਚ ਭਗਵੰਤ ਮਾਨ ਨੇ ਰੈਲੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਲਾਲਾਬਾਦ ਤੋਂ ਲੜਨ ਦੀ ਵੀ ਚੁਣੌਤੀ ਦਿੱਤੀ।