ਆਪ 'ਚ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦੇ ਹੋਏ ਸ੍ਰੀ ਕੇਜਰੀਵਾਲ, ਸ: ਫੂਲਕਾ ਅਤੇ ਐਡਵੋਕੇਟ ਸ਼ੇਰਗਿੱਲ।
ਅੰਮ੍ਰਿਤਸਰ, 15 ਜਨਵਰੀ, 2017 : ਮਾਝੇ ਵਿੱਚ ਆਮ ਆਦਮੀ ਪਾਰਟੀ ਨੂੰ ਅੱਜ ਉਸ ਵਕਤ ਵੱਡੀ ਤਾਕਤ ਮਿਲੀ ਜਦੋਂ ਮਾਰਕੀਟ ਕਮੇਟੀ ਰਈਆ ਦੇ ਮੌਜੂਦਾ ਚੇਅਰਮੈਨ ਸਮੇਤ ਅੱਧੀ ਦਰਜਨ ਦੇ ਕਰੀਬ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਦੌਰਾਨ ਆਪ ਵਿੱਚ ਸ਼ਾਮਲ ਹੋ ਗਏ।
ਆਪ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਆਪ ਆਗੂ ਐਡਵੋਕੇਟ ਐਚ.ਐਸ.ਫੂਲਕਾ ਨੇ ਇਹਨਾਂ ਆਗੂਆਂ ਦਾ ਪਾਰਟੀ 'ਚ ਸਵਾਗਤ ਕੀਤਾ। ਵਿਧਾਨ ਸਭਾ ਹਲਕਾ ਮਜੀਠਾ ਤੋਂ ਆਪ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਪ੍ਰੇਰਨਾ ਸਦਕਾ ਮਾਰਕੀਟ ਕਮੇਟੀ ਰਈਆ ਦੇ ਮੌਜੂਦਾ ਚੇਅਰਮੈਨ ਜ: ਮਹਿੰਦਰ ਸਿੰਘ ਛੱਜਲਵੱਡੀ ਦੀ ਅਗਵਾਈ ਹੇਠ ਆਪ ਦਾ ਝਾੜੂ ਫੜਨ ਵਾਲੇ ਇਹਨਾਂ ਆਗੂਆਂ ਵਿੱਚ ਮਾਰਕੀਟ ਕਮੇਟੀ ਜੰਡਿਆਲਾ ਗੁਰੂ ਦੇ ਵਾਈਸ ਚੇਅਰਮੈਨ ਤੇ ਆੜ੍ਹਤੀਆ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ, ਰਾਈਸ ਮਿੱਲਜ਼ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਗੁਰਦਿਆਲ ਸਿੰਘ, ਕੋਆਪ੍ਰੇਟਿਵ ਸੋਸਾਇਟੀ ਛੱਜਲਵੱਡੀ ਦੇ ਚੇਅਰਮੈਨ ਗੁਰਦਿਆਲ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵਿੰਦਰ ਸਿੰਘ ਜੌਹਲ ਅਤੇ ਬਲਾਕ ਸੰਮਤੀ ਮੈਂਬਰ ਹਰਪ੍ਰੀਤ ਕੌਰ ਆਦਿ ਸ਼ਾਮਲ ਹਨ। ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਆਪ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜਰ ਦੇ ਨਿਵਾਸ 'ਤੇ ਪੁੱਜੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਕਿਹਾ ਕਿ 70 ਸਾਲ ਤੋਂ ਲਗਾਤਾਰ ਗੰਦੀ ਹੁੰਦੀ ਰਾਜਨੀਤੀ ਵੱਲ ਅੱਜ ਤੱਕ ਕੋਈ ਸੂਝਵਾਨ ਵਿਅਕਤੀ ਮੂੰਹ ਨਹੀਂ ਕਰਦਾ ਸੀ ਕਿਉਂ ਕਿ ਇਸ ਨੂੰ ਚੰਦ ਲੋਕਾਂ ਦੇ ਨਾਪਾਕ ਗੱਠਜੋੜ ਨੇ ਜਾਣਬੁੱਝ ਕੇ ਭ੍ਰਿਸ਼ਟਾਚਾਰ ਅਤੇ ਅਪਰਾਧ ਦੇ ਹਵਾਲੇ ਕਰ ਸੁੱਟਿਆ ਸੀ ਪਰ ਅੱਜ ਸਿਆਣੇ ਤੇ ਸੂਝਵਾਨ ਲੋਕ ਇਸ ਗੰਦ ਨੂੰ ਹਮੇਸ਼ਾਂ ਲਈ ਹੂੰਝ ਸੁੱਟਣ ਵਾਸਤੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਰਹੇ ਹਨ। ਉਹਨਾਂ ਕਿਹਾ ਕਿ ਰਾਜਨੀਤੀ 'ਚ ਆਈ ਗਿਰਾਵਟ ਵਾਸਤੇ ਅਕਾਲੀ, ਕਾਂਗਰਸ ਅਤੇ ਭਾਜਪਾ ਬਰਾਬਰ ਦੀਆਂ ਜ਼ਿੰਮੇਵਾਰ ਹਨ, ਜਿਸ ਕਰਕੇ ਇਹਨਾਂ ਦੇ ਸਫਾਏ ਦੀ ਸ਼ੁਰੂਆਤ ਕਰਨੀ ਲਾਜ਼ਮੀ ਹੈ ਅਤੇ ਇਹ ਮੌਕਾ ਦਿੱਲੀ ਤੋਨ ਬਾਅਦ ਹੁਣ ਪੰਜਾਬ ਨੂੰ ਮਿਲਿਆ ਹੈ। ਉਹਨਾਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼ੇਰਗਿੱਲ ਨੂੰ ਆਮ ਆਦਮੀ ਪਾਰਟੀ ਦਾ ਸ਼ੇਰ ਕਰਾਰ ਦਿੱਤਾ।
ਇਸ ਮੌਕੇ 'ਤੇ ਉਮੀਦਵਾਰ ਹਰਭਜਨ ਸਿੰਘ ਜੰਡਿਆਲਾ ਗੁਰੂ, ਦਲਬੀਰ ਸਿੰਘ ਟੌਂਗ ਬਾਬਾ ਬਕਾਲਾ, ਡਾ: ਇੰਦਰਬੀਰ ਸਿੰਘ ਨਿੱਜਰ ਦੱਖਣੀ, ਜਸਬੀਰ ਸਿੰਘ ਜੌਹਲ ਅਤੇ ਜੁਗਰਾਜ ਸਿੰਘ ਬੱਲ ਸਮੇਤ ਅਨੇਕਾਂ ਆਪ ਵਰਕਰ ਵੀ ਮੌਜੂਦ ਸਨ।