ਅੰਮ੍ਰਿਤਸਰ, 15 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਤੋਂ ਇਲਾਵਾ ਲੰਬੀ ਤੋਂ ਚੋਣ ਲੜਨ ਵਾਲੇ ਬਿਆਨ ਉਤੇ ਆਪਣਾ ਪ੍ਰਤੀਕਰਮ ਦਿੱਤਾ ਹੈ।
ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਵਿੱਚ ਆਤਮ-ਵਿਸ਼ਵਾਸ ਹੈ ਤਾਂ ਉਹ ਦੁਚਿੱਤੀ ਵਿੱਚ ਕਿਓਂ ਹਨ, ਸਿਰਫ ਲੰਬੀ ਤੋਂ ਹੀ ਚੋਣ ਕਿਓ ਨਹੀਂ ਲੜਦੇ। ਫੂਲਕਾ ਨੇ ਕਿਹਾ ਕਿ ਕੈਪਟਨ ਨੂੰ ਆਪਣੀ ਹਾਰ ਸਪਸ਼ਟ ਨਜਰ ਆ ਰਹੀ ਹੈ, ਜਿਸ ਕਾਰਨ ਉਹ 2 ਸੀਟਾਂ ਤੋਂ ਚੋਣ ਲੜ ਰਹੇ ਹਨ।
ਫੂਲਕਾ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਆਪਸ ਵਿਚ ਮਿਲੇ ਹੋਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਲੰਬੀ ਤੋਂ ਬਾਦਲ ਨੂੰ ਜਿਤਾਉਣਾ ਚਾਹੁੰਦੇ ਹਨ। ਉਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਹੈ ਕਿ ਪੰਜਾਬ ਦੇ ਲੋਕ ਉਨਾਂ ਨੂੰ ਪਿਆਰ ਕਰਦੇ ਹਨ ਤਾਂ ਉਹ ਲੰਬੀ ਤੋਂ ਹੀ ਚੋਣ ਲੜਨ।
ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਚੁਣੌਤੀ ਦਿੰਦਿਆਂ ਕਿਹਾ ਕਿ ਸਿਰਫ ਫੋਕੀਆਂ ਫੜਾਂ ਛੱਡਣ ਨਾਲ ਕੁੱਝ ਨਹੀਂ ਹੁੰਦਾ ਅਤੇ ਦੋ-ਦੋ ਸੀਟਾਂ ਤੋਂ ਚੋਣ ਲੜਨ ਦਾ ਕੋਈ ਮਤਲਬ ਨਹੀਂ ਹੈ, ਜੇਕਰ ਦਮ ਹੈ ਤਾਂ ਕੈਪਟਨ ਸਿਰਫ ਇੱਕ ਸੀਟ ਤੋਂ ਹੀ ਚੋਣ ਲੜ ਕੇ ਵਿਖਾਉਣ। ਪੰਜਾਬ ਦੇ ਲੋਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡਾ ਧੋਖਾ ਕਰ ਰਹੇ ਹਨ।
ਫੂਲਕਾ ਨੇ ਅੱਗੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੋ ਸੀਟਾਂ ਤੋਂ ਚੋਣ ਲੜਾਉਣ ਦੀ ਗੱਲ ਕਹਿ ਰਹੀ ਹੈ। ਉਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਅਤੇ ਜਲਾਲਾਬਾਦ ਤੋਂ ਚੋਣ ਲੜਾਉਣ ਦੀ ਗੱਲ ਹੋ ਰਹੀ ਹੈ, ਜੋ ਕਿ ਕਾਂਗਰਸ ਦੀ ਅਕਾਲੀਆਂ ਨਾਲ ਮਿਲੀਭਗਤ ਦਾ ਨਿਸ਼ਾਨਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਜਲਾਲਾਬਾਦ ਵਿੱਚ ਐਨੇ ਹਰਮਿਨ ਪਿਆਰੇ ਹੋ ਚੁੱਕੇ ਹਨ ਕਿ ਜਲਾਲਾਬਾਦ ਵਿਚ ਸੁਖਬੀਰ ਬਾਦਲ ਦਾ ਬੁਰਾ ਹਾਲ ਹੈ ਅਤੇ ਕਾਂਗਰਸ ਜਲਾਲਾਬਦ ਤੋਂ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਨਵਜੋਤ ਸਿੱਧੂ ਨੂੰ ਉਥੋਂ ਚੋਣ ਲੜਾਉਣਾ ਚਾਹੁੰਦੀ ਹੈ।
ਉਨਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਹੁਣ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਫੂਲਕਾ ਨੇ ਕਿਹਾ ਕਿ ਪੰਜਾਬ ਦੇ ਰਵਾਇਤੀ ਪਾਰਟੀਆਂ ਦੀ ਗੰਧਲੀ ਸਿਆਸਤ ਤੋਂ ਤੰਗ ਆ ਚੁੱਕੇ ਹਨ ਅਤੇ ਕਾਂਗਰਸ ਅਤੇ ਅਕਾਲੀ ਦਲ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਤੇ ਉਨਾਂ ਕੋਲ ਆਮ ਆਦਮੀ ਪਾਰਟੀ ਇੱਕ ਵਧੀਆ ਵਿਕਲਪ ਹੈ, ਜਿਸ ਨੂੰ ਕਿ ਪੂਰੇ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਮਗਰੋਂ ਹੀ ਪੰਜਾਬ ਦੇ ਲੋਕ ਮਾਫੀਆ ਅਤੇ ਭਿ੍ਰਸ਼ਟਾਚਾਰੀਆਂ ਦੇ ਚੁੰਗਲ ਵਿੱਚੋਂ ਆਜਾਦ ਹੋ ਸਕਣਗੇ।