ਚੰਡੀਗੜ੍ਹ, 15 ਜਨਵਰੀ, 2017 : ਨਵਜੋਤ ਸਿੰਘ ਸਿੱਧੂ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਭਾਰਤੀ ਜਨਤਾ ਪਾਰਟੀ ਨੇ ਉਸਨੂੰ ਕਪੂਤ ਪੁੱਤ ਦੱਸਿਆ। ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਮਾਂ ਪਾਰਟੀ ਆਖਦਾ ਸੀ। ਉਹ ਮਾਂ ਪਾਰਟੀ ਜਿਸਨੇ ਸਿੱਧੂ ਨੂੰ ਰਾਜਨੀਤਿਕ ਮੰਚ ਦਿੱਤਾ, ਰਾਜਨੀਤਿਕ ਪਹਿਚਾਣ ਦਿੱਤੀ, ਤਿੰਨ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਾਇਆ, ਪਤਨੀ ਨਵਜੋਤ ਕੌਰ ਸਿੱਧੂ ਨੂੰ ਵਿਧਾਇਕ ਫਿਰ ਸੰਸਦੀ ਸਕੱਤਰ ਬਣਾਇਆ, ਜਿਸ ਮਾਂ ਪਾਰਟੀ ਭਾਜਪਾ ਨੇ ਸਿੱਧੂ ਨੂੰ ਰਾਜ ਸਭਾ ਸਾਂਸਦ ਬਣਾਇਆ , ਪਾਰਟੀ ਦਾ ਸਟਾਰ ਪ੍ਰਚਾਰਕ ਬਣਾਇਆ, ਉਸ ਮਾਂ ਪਾਰਟੀ ਨਾਲ ਸਿੱਧੂ ਦਗਾ ਕਮਾ ਗਿਆ । ਵਿਜੇ ਸਾਂਪਲਾ ਨੇ ਆਖਿਆ ਕਿ ਭਾਜਪਾ ਨੇ ਤਾਂ ਉਸਨੂੰ ਤੇ ਉਸਦੇ ਪਰਿਵਾਰ ਨੂੰ ਦਿੱਤਾ ਹੀ ਦਿੱਤਾ ਹੈ, ਲਿਆ ਕੁਝ ਨਹੀਂ, ਅਜਿਹੇ ਵਿੱਚ ਸਾਫ਼ ਹੈ ਕਿ ਮਾਤਾ ਕੁਮਾਤਾ ਨਹੀਂ ਹੋਈ, ਪੂਤ ਹੀ ਕਪੂਤ ਨਿਕਲਿਆ।
ਰਾਹੁਲ ਗਾਂਧੀ ਅੱਗੇ ਝੁਕ ਕੇ ਉਨ੍ਹਾਂ ਦੇ ਦਲ ਵਿੱਚ ਸ਼ਾਮਲ ਹੋਣ ਵਾਲੀ ਤਸਵੀਰ 'ਤੇ ਟਿੱਪਣੀ ਕਰਦਿਆਂ ਵਿਜੇ ਸਾਂਪਲਾ ਨੇ ਆਖਿਆ ਕਿ ਕੱਲ੍ਹ ਤੱਕ ਤਾਂ ਨਵਜੋਤ ਸਿੱਧੂ ਹਰ ਮੰਚ ਤੋਂ ਰਾਹੁਲ ਗਾਂਧੀ ਲਈ ਪੱਪੂ ਸ਼ਬਦ ਦਾ ਪ੍ਰਯੋਗ ਕਰਦਾ ਸੀ ਤੇ ਅੱਜ ਉਹੀ ਪੱਪੂ ਸਿੱਧੂ ਦਾ ਸਿਆਸੀ ਗੁਰੂ ਬਣ ਗਿਆ। ਇਸ ਤੋਂ ਵੀ ਅਗਾਂਹ ਸਾਂਪਲਾ ਨੇ ਆਖਿਆ ਕਿ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਹੋਰਾਂ ਖ਼ਿਲਾਫ਼ ਬੋਲਦਿਆਂ ਰਜਵਾੜਾਸ਼ਾਹੀ ਰਾਜ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਦਾ ਸੀ ਤੇ ਅੱਜ ਇਹ ਰਜਵਾੜਾਸ਼ਾਹੀ ਉਸਨੂੰ ਪੰਜਾਬੀਅਤ ਦੀ ਸੇਵਾਦਾਰ ਦਿਸਣ ਲੱਗ ਪਈ। ਭਾਜਪਾ ਨੇ ਨਵਜੋਤ ਸਿੱਧੂ ਦੇ ਇਸ ਕਦਮ ਨੂੰ ਨਿੱਜਤਾ, ਲਾਲਚ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਉਹ ਤਸਵੀਰ ਜਿਸ ਵਿਚ ਕੱਲ ਤੱਕ ਰਾਹੁਲ ਗਾਂਧੀ ਨੂੰ ਪੱਪੂ ਕਹਿਣ ਵਾਲੇ ਨਵਜੋਤ ਸਿੰਘ ਸਿੱਧੂ ਅੱਜ ਉਸਦੇ ਸਾਹਮਣੇ ਝੁਕਕੇ ਉਸਨੂੰ ਆਪਣਾ ਸਿਆਸੀ ਗੁਰੂ ਬਣਾਉਂਦੇ ਹੋਏ।