← ਪਿਛੇ ਪਰਤੋ
ਚੰਡੀਗੜ੍ਹ, 9 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਖਾਸ ਤੌਰ 'ਤੇ ਇਸਦੇ ਆਗੂ ਸ੍ਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਸਿਆਸੀ ਵਿਰੋਧੀਆਂ ਖਿਲਾਫ ਭੜਕਾਉਣ ਦੇ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰਨ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਲੋਕਾਂ ਨੂੰ ਭੜਕਾ ਕੇ ਇਹਨਾਂ 'ਹਮਲਿਆਂ' ਬਾਰੇ ਮੀਡੀਆ ਵਿਚ ਸਨਸਨੀੇ ਪੈਦਾ ਕਰਨ ਲਈ ਸਰਗਰਮ ਹੋ ਗਈ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ ਆਪ ਖਿਲਾਫ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਆਪ ਦੀ ਲੀਡਰਸ਼ਿਪ ਖਾਸ ਤੌਰ 'ਤੇ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਂਦੇ ਜਾਣਗੇ ਜਿਹਨਾਂ ਵਿਚ ਆਮ ਆਦਮੀ ਪਾਰਟੀ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਤੇ ਹੋਰ ਪਾਰਟੀਆਂ ਦੀ ਲੀਡਰਸ਼ਿਪ 'ਤੇ ਹਮਲੇ ਕਰਨ ਲਈ ਭੜਕਾ ਰਹੀ ਹੈ। ਉਹਨਾਂ ਕਿਹਾ ਕਿ ਇਸ ਪਾਰਟੀ ਦਾ ਇਕ ਨੁਕਾਤੀ ਏਜੰਡਾ ਮੀਡੀਆ ਵਿਚ ਸਨਸਨੀ ਪੈਦਾ ਕਰਨਾ ਹੈ ਤਾਂ ਕਿ ਇਸਦੀ ਆੜ ਵਿਚ ਸਿਆਸੀ ਲਾਹਾ ਲਿਆ ਜਾ ਸਕੇ ਤੇ ਇਸੇ ਵਾਸਤੇ ਇਹ ਹਿੰਸਕ ਸਾਧਨਾਂ ਦੀ ਵਰਤੋਂ ਵਾਲੇ ਪਾਸੇ ਹੋ ਤੁਰੀ ਹੈ। ਡਾ. ਚੀਮਾ ਨੇ ਹੋਰ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਜਦੋਂ ਇਸ ਪਾਰਟੀ ਨੂੰ ਮਹਿਸੂਸ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਤਿਆਰ ਹੈ ਤਾਂ ਇਸਨੇ ਮੀਡੀਆ ਵਿਚ 'ਹਮਲਿਆਂ ਦੀਆਂ ਖਬਰਾਂ' ਉਜਾਗਰ ਕਰਨ ਦੀ ਵਿਉਂਤਬੰਦੀ ਉਲੀਕੀ ਤਾਂ ਕਿ ਇਹ ਪ੍ਰਭਾਵ ਜਾਵੇ ਕਿ ਲੋਕ ਸੱਤਾਧਾਰੀ ਗਠਜੋੜ ਦੇ ਖਿਲਾਫ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੰਜੀਦਗੀ ਨਾਲ ਚੋਣ ਪ੍ਰਚਾਰ ਕਰਨ ਤੇ ਲੋਕਾਂ ਤੋਂ ਵੋਟਾਂ ਮੰਗਣ ਦੀ ਥਾਂ ਇਸ ਪਾਰਟੀ ਨੇ ਅਜਿਹੇ ਘਟੀਆ ਹੱਥਕੰਢੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੀਆਂ ਸ਼ਰਾਰਤੀ ਗਤੀਵਿਧੀਆਂ ਦਾ ਵੇਰਵਾ ਦਿੰਦਿਆਂ ਡਾ. ਚੀਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਾਨਸਾ ਜ਼ਿਲ੍ਹੇ ਵਿਚ ਚੋਣ ਪ੍ਰਚਾਰ ਕਰਦਿਆਂ ਸ੍ਰੀ ਭਗਵੰਤ ਮਾਨ ਨੇ ਲੋਕਾਂ ਨੂੰ ਉਹਨਾਂ ਤੱਕ ਪਹੁੰਚਣ ਵਾਲੇ ਸਿਆਸੀ ਵਿਰੋਧੀਆਂ 'ਤੇ ਪਥਰਾਅ ਕਰਨ ਲਈ ਭੜਕਾਇਆ। ਇਹ ਖਬਰ ਇਕ ਟੀ ਵੀ ਚੈਨਲ 'ਤੇ ਜ਼ੋਰਦਾਰ ਢੰਗ ਨਾਲ ਚਲਾਈ ਵੀ ਗਈ। ਉਹਨਾਂ ਕਿਹਾ ਕਿ ਇਸੇ ਸ਼ਰਾਰਤ ਨੂੰ ਜਾਰੀ ਰੱਖਦਿਆਂ ਕੱਲ੍ਹ ਜਦੋਂ ਜਲਾਲਾਬਾਦ ਵਿਚ ਸ੍ਰੀ ਸੁਖਬੀਰ ਸਿੰਘ ਬਾਦਲ ਆਪਣੀ ਚੋਣ ਮੀਟਿੰਗ ਮਗਰੋਂ ਰਵਾਨਾ ਹੋਏ ਤਾਂ ਕਾਫਲੇ ਦੇ ਪਿਛਲੇ ਪਾਸੇ ਚਲ ਰਹੀਆਂ ਗੱਡੀਆਂ 'ਤੇ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਇਸ ਪਾਰਟੀ ਨੇ ਆਪਣੀ ਵੈਬਸਾਈਟ 'ਤੇ ਬਾਘਾ ਪੁਰਾਣਾ ਹਲਕੇ ਵਿਚ ਸੀਨੀਅਰ ਕਾਂਗਰਸੀ ਨੇਤਾ 'ਤੇ ਹੋਏ ਹਮਲੇ ਦੀ ਵੀਡੀਓ ਪਾਈ ਹੈ। ਉਹਨਾਂ ਕਿਹਾ ਕਿ ਇਹ ਸਾਰੀਆਂ ਸ਼ਰਮਨਾਕ ਘਟਨਾਵਾਂ ਨਿੰਦਣਯੋਗ ਹਨ ਜਿਹਨਾਂ ਨਾਲ ਸਖ਼ਤੀ ਨਾਲ ਨਿਪਟਣਾ ਚਾਹੀਦਾ ਹੈ। ਇਸ ਪਾਰਟੀ ਵੱਲੋਂ ਅਪਣਾਏ ਜਾ ਰਹੇ ਢੰਗ ਤਰੀਕੇ ਦਾ ਖੁਲਾਸਾ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਪਹਿਲਾਂ ਦਰਜਨ ਦੇ ਕਰੀਬ ਗੁੰਡਿਆਂ ਨੂੰ ਵੱਖ ਵੱਖ ਹਲਕਿਆਂ ਵਿਚ ਆਪਣੇ ਕੰਮ ਲਈ ਚੁਣਦੀ ਹੈ ਜਿਹਨਾਂ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ 'ਤੇ ਹਮਲਾ ਕਰਨ ਵਾਸਤੇ ਆਖਿਆ ਜਾਂਦਾ ਹੈ ਤੇ ਇਸ ਹਮਲੇ ਦੀ ਵੀਡੀਓ ਬਣਾਉਣ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਤੇ ਫਿਰ ਇਹ ਵੀਡੀਓ ਫੇਸਬੁੱਕ, ਵਟਸਐਪ ਤੇ ਹੋਰ ਸੋਸ਼ਲ ਮੀਡੀਆ ਸਾਧਨਾਂ 'ਤੇ ਪੋਸਟ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਸਨਸਨੀ ਪੈਦਾ ਕਰ ਕੇ ਆਪ ਦਰਸਾਉਣਾ ਚਾਹੁੰਦੀ ਹੈ ਕਿ ਹਰ ਕੋਈ ਬਾਕੀ ਸਿਆਸੀ ਪਾਰਟੀਆਂ ਦੇ ਖਿਲਾਫ ਹੈ। ਆਪ ਤੇ ਇਸਦੀ ਲੀਡਰਸ਼ਿਪ ਖਾਸ ਤੌਰ 'ਤੇ ਭਗਵੰਤ ਮਾਨ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਪਹਿਲਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰ ਚੁੱਕੇ ਹਨ ਕਿ ਉਹ ਸੂਬੇ ਵਿਚ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਤਰੀਕੇ ਨਾਲ ਨਿਪਟਾਉਣ ਵਿਚ ਚੋਣ ਕਮਿਸ਼ਨ ਨੂੰ ਸਹਿਯੋਗ ਦੇਣ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਹਿੰਸਕ ਗਤੀਵਿਧੀਆਂ ਵਿਚ ਲੱਗੇ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਲੀਡਰਸ਼ਿਪ ਦੀ ਚੁੱਪੀ ਨੂੰ ਇਸਦੀ ਕਮਜ਼ੋਰੀ ਨਾ ਸਮਝਣ।
Total Responses : 265