ਚੰਡੀਗੜ੍ਹ, 15 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਮੇਡੀਅਨ ਤੋਂ ਕਾਂਗਰਸੀ ਬਣੇ ਨਵਜੋਤ ਸਿੰਘ ਸਿੱਧੂ ਤੋਂ ਪੁੱਛਿਆ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਹ 7 ਮਹੀਨੇ ਪੰਜਾਬ ਤੋਂ ਗਾਇਬ ਕਿਉਂ ਰਿਹਾ ਅਤੇ ਹੁਣ ਚੋਣਾਂ ਤੋਂ ਸਿਰਫ 20 ਦਿਨ ਪਹਿਲਾਂ ਲੋਕਾਂ ਨੂੰ ਕਾਂਗਰਸ ਲਈ ਵੋਟਾਂ ਪਾਉਣ ਲਈ ਕਹਿ ਕੇ ਮੂਰਖ ਕਿਉਂ ਬਣਾ ਰਿਹਾ ਹੈ? ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਹੈ ਕਿ ਭਾਜਪਾ ਨੂੰ ਛੱਡਣ ਵੇਲੇ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਅਕਾਲੀ ਉਸ ਨੂੰ ਪੰਜਾਬ ਵਿਚ ਵੜਣ ਨਹੀਂ ਦਿੰਦੇ। ਕਿਰਪਾ ਕਰਕੇ ਹੁਣ ਲੋਕਾਂ ਨੂੰ ਦੱਸੋ ਕਿ 6 ਮਹੀਂਨੇ ਪਹਿਲਾਂ ਰਾਜ ਸਭਾ ਤੋਂ ਅਸਤੀਫਾ ਦੇਣ ਮਗਰੋਂ ਪੰਜਾਬ ਵਿਚ ਦਾਖਲ ਹੋਣ ਤੋਂ ਤੁਹਾਨੂੰ ਕਿਸ ਨੇ ਰੋਕਿਆ ਸੀ?
ਸਪੱਸ਼ਟ ਹੈ ਕਿ ਮੁੰਬਈ ਵਿਚਲਾ ਤੁਹਾਡਾ ਕਾਰੋਬਾਰ ਤਹਾਨੂੰ ਪੰਜਾਬ ਦੇ ਲੋਕਾਂ ਨਾਲੋਂ ਵੱਧ ਪਿਆਰਾ ਸੀ। ਇੱਥੋਂ ਤੱਕ ਕਿ ਹੁਣ ਵੀ ਤੁਸੀਂ ਪੰਜਾਬ ਦੀ ਰਾਜਨੀਤੀ ਵਿਚ ਵੱਧ ਤੋਂ ਵੱਧ ਫਾਇਦਾ ਲੈਣ ਲਈ ਆਖਰੀ ਮਿੰਟ ਤੱਕ ਇੰਤਜ਼ਾਰ ਕੀਤਾ ਹੈ। ਇਸ ਤੋ ਵੱਡੀ ਮੌਕਾਪ੍ਰਸਤੀ ਵੀ ਕੋਈ ਹੁੰਦੀ ਹੈ? ਸਿੱਧ ਨੂੰ ਪਰਲੇ ਦਰਜੇ ਦਾ ਮੌਕਾਪ੍ਰਸਤ ਅਤੇ ਭਿਖਾਰੀ ਕਰਾਰ ਦਿੰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਸਾਫ ਦਿਸਦਾ ਹੈ ਕਿ ਸਾਬਕਾ ਕਾਮੇਡੀਅਨ ਲਈ ਆਪਣੇ ਤੋਂ ਉਪਰ ਕੁੱਝ ਵੀ ਨਹੀਂ ਹੈ। ਇਹੀ ਵਜ੍ਹਾ ਹੈ ਕਿ ਉਸ ਨੇ ਆਪਣੇ ਸਾਬਕਾ ਗੁਰੂ ਸ੍ਰੀ ਅਰੁਣ ਜੇਤਲੀ ਦੀ ਅੰਮ੍ਰਿਤਸਰ ਤੋਂ ਉਮੀਦਵਾਰੀ ਦਾ ਵਿਰੋਧ ਕਰਕੇ ਉਹਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਸੀ।
ਉਹਨਾਂ ਕਿਹਾ ਕਿ ਸਿੱਧੂ ਨੇ ਭਾਜਪਾ ਵੀ ਇਸ ਕਰਕੇ ਛੱਡੀ ਸੀ ਕਿਉਂਕਿ ਭਾਜਪਾ ਨੇ ਉਸ ਨੂੰ ਪੰਜਾਬ ਵਿਚ ਆਪਣਾ ਸਭ ਤੋਂ ਵੱਡਾ ਆਗੂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪਣੇ ਜੋੜੀਦਾਰ ਕਲਾਕਾਰ ਭਗਵੰਤ ਮਾਨ ਵਾਂਗ ਸਿੱਧੂ ਨੇ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਫਨੇ ਲੈਣੇ ਸ਼ੁਰੂ ਕਰ ਦਿੱਤੇ ਸਨ। ਇਸ ਕਰਕੇ ਉਹ ਲੰਬਾ ਸਮਾਂ ਆਪ ਅਤੇ ਕਾਂਗਰਸ ਨਾਲ ਸੌਦੇਬਾਜ਼ੀ ਕਰਦਾ ਰਿਹਾ ਸੀ ਅਤੇ ਅਖੀਰ ਕਾਂਗਰਸ ਨਾਲ ਉਸ ਦਾ ਸੌਦਾ ਸਿਰੇ ਚੜ੍ਹ ਗਿਆ। ਆਪ ਨੇ ਉਸ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਸਾਫ ਜ਼ਾਹਿਰ ਹੈ ਕਿ ਰਾਹੁਲ ਗਾਂਧੀ ਨੇ ਸਿੱਧੂ ਨੂੰ ਕੋਈ ਵੱਡਾ ਅਹੁਦਾ ਦਿੱਤਾ ਹੈ।
ਸਿੱਧੂ ਦੇ ਕਾਂਗਰਸ ਵਿਚ ਰਲੇਂਵੇਂ ਨੂੰ ਮਹੱਤਵਹੀਣ ਘਟਨਾ ਕਰਾਰ ਦਿੰਦਿਆਂ ਸ਼ ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਜਲਦੀ ਹੀ ਕਾਮੇਡੀਅਨ ਦੀ ਔਕਾਤ ਦਾ ਪਤਾ ਚੱਲ ਜਾਵੇਗਾ। ਉਹ ਭਗਵੰਤ ਮਾਨ ਵਾਂਗ ਲੋਕਾਂ ਨੂੰ ਹਸਾਉਣ ਤੋਂ ਇਲਾਵਾ ਚੋਣਾਂ ਵਿਚ ਹੋਰ ਕੋਈ ਭੂਮਿਕਾ ਨਹੀਂ ਨਿਭਾ ਸਕਦਾ। ਜੇਕਰ ਕਾਂਗਰਸ ਨੇ ਕੋਈ ਮਸ਼ਹੂਰ ਕਾਮੇਡੀਅਨ ਭਾੜੇ ਉੱਤੇ ਲਿਆਂਦਾ ਹੁੰਦਾ ਤਾਂ ਉਸ ਨੂੰ ਵੱਧ ਫਾਇਦਾ ਹੋਣਾ ਸੀ। ਇਹ ਗੱਲ ਮੈਂ ਇਸ ਲਈ ਕਹਿੰਦਾ ਹਾਂ ਕਿਉਂਕਿ ਸਿੱਧੂ ਦਾ ਆਕੜ-ਭਰਿਆ ਵਿਵਹਾਰ ਅਤੇ ਅਹੰਕਾਰੀ ਸੁਭਾਅ ਮਾਝੇ ਵਿਚ ਕਾਂਗਰਸ ਦਾ ਬੇੜਾ ਡੁਬਾ ਦੇਵੇਗਾ। ਅੰਮ੍ਰਿਤਸਰ ਵਿਚ ਪੁਰਾਣੇ ਕਾਂਗਰਸੀ ਅਜਿਹੇ ਵਿਅਕਤੀ ਨੂੰ ਜਿਤਾਉਣ ਲਈ ਕਦੇ ਰਾਜ਼ੀ ਨਹੀਂ ਹੋਣਗੇ, ਜਿਹੜਾ ਕੁੱਝ ਸਮਾਂ ਪਹਿਲਾਂ ਤਕ ਉਹਨਾਂ ਉੱਤੇ ਗਾਲਾਂ ਦਾ ਚਿੱਕੜ ਸੁੱਟਦਾ ਰਿਹਾ ਹੈ।
ਬਾਦਲ ਨੇ ਕਿਹਾ ਕਿ ਇਹ ਵਿਅਕਤੀ ਦੁਨੀਆਂ ਦੀ ਕਿਸੇ ਕ੍ਰਿਕਟ ਪਿੱਚ ਤੋਂ ਵੱਧ ਵਲੇਂਵੇਂ-ਭਰਿਆ ਹੈ। ਅਕਾਲੀ ਭਾਜਪਾ ਦੀਆਂ ਤਾਰੀਫਾਂ ਕਰਦਾ-ਕਰਦਾ ਉਹ ਆਮ ਆਦਮੀ ਪਾਰਟੀ ਦੇ ਸੋਹਲੇ ਗਾਉਣ ਲੱਗਿਆ ਸੀ ਅਤੇ ਹੁਣ ਸਭ ਤੋਂ ਵੱਧ ਨਫਰਤ ਯੋਗ ਪਾਰਟੀ ਕਾਂਗਰਸ ਦੀ ਕੁੱਛੜ ਜਾ ਚੜ੍ਹਿਆ ਹੈ। ਕਾਂਗਰਸ ਵਿਚ ਵੀ ਉਹ ਚਾਰ ਦਿਨਾਂ ਦਾ ਪ੍ਰਾਹਣਾ ਹੀ ਸਾਬਿਤ ਹੋਵੇਗਾ।