ਚੰਡੀਗੜ੍ਹ, 16 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਆਗੂ ਭਗਵੰਤ ਮਾਨ ਉੱਤੇ ਵਰ੍ਹਦੇ ਹੋਏ ਉਸ ਨੂੰ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੰਮ ਕਰਨ ਤੋਂ ਵਰਜਿਆ ਹੈ ਅਤੇ ਕਿਹਾ ਹੈ ਕਿ ਉਹ ਗੈਰ-ਪੰਜਾਬੀ ਤਾਕਤਾਂ ਨਾਲ ਮਿਲ ਕੇ ਸੂਬੇ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚ ਰਿਹਾ ਹੈ।
ਇਹ ਸ਼ਬਦ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪਾਰਟੀ ਦੇ ਮੁੱਖ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ਨੂੰ ਹੱਲਾਸ਼ੇਰੀ ਦੇ ਕੇ ਸੂਬੇ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਮਾਨ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਨੂੰ ਆਦਰਸ਼ ਮੰਨਦਾ ਹੋਇਆ ਬਸੰਤੀ ਰੰਗ ਦੀ ਪੱਗ ਬੰਨ੍ਹਦਾ ਹੈ, ਪਰ ਕੌੜੀ ਸੱਚਾਈ ਇਹ ਹੈ ਕਿ ਉਹ ਭਗਤ ਸਿੰਘ ਦੀ ਜਨਮ ਭੂਮੀ ਪੰਜਾਬ ਦੇ ਖ਼ਿਲਾਫ ਕੰੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਪੰਜਾਬੀ ਨੌਜਵਾਨਾਂ ਨੰੂੰ ਨਸ਼ੇੜੀ ਕਹਿ ਕੇ ਅਤੇ ਪੰਜਾਬ ਉੱਤੇ ਹਰ ਕਿਸਮ ਦੇ ਦੋਸ਼ ਲਗਾ ਕੇ ਗੈਰ-ਪੰਜਾਬੀਆਂ ਦੀ ਜ਼ੁਬਾਨ ਬੋਲ ਰਿਹਾ ਹੈ।
ਸ਼ ਸਿਰਸਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਵਿਅਕਤੀ ਇੱਕ ਸਮੇਂ ਲੋਕਾਂ ਵਿਚ ਆਪਣੀ ਕਾਮੇਡੀ ਅਤੇ ਵਿਅੰਗ ਲਈ ਜਾਣਿਆ ਜਾਂਦਾ ਸੀ, ਉਹ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਾਸਤੇ ਜਾਨ ਦੇਣ ਲਈ ਜਾਣੇ ਜਾਂਦੇ ਯੋਧਿਆਂ ਅਤੇ ਲੜਾਕਿਆਂ ਦੇ ਸੂਬੇ ਦਾ ਮੁੱਖ ਮੰਤਰੀ ਬਣ ਕੇ ਕੇਜਰੀਵਾਲ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਰਾਸ਼ਟਰੀ ਅੰਨ ਭੰਡਾਰ ਵਿਚ ਸਭ ਤੋਂ ਵੱਧ ਯੋਗਦਾਨ ਪਾ ਰਹੇ ਹਨ, ਪਰ ਸਾਂæਤੀ ਅਤੇ ਤਰੱਕੀ ਨੂੰ ਪਸੰਦ ਨਾ ਕਰਨ ਵਾਲੀਆਂ ਤਾਕਤਾਂ ਭਗਵੰਤ ਮਾਨ ਵਰਗੇ ਵਿਅਕਤੀਆਂ ਰਾਂਹੀ ਸੂਬੇ ਦਾ ਵੱਧ ਤੋਂ ਵੱਧ ਨੁਕਸਾਨ ਕਰਵਾ ਰਹੀਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਆਪ ਆਗੂ ਨੂੰ ਆਪਣੀ ਡੂੰਘੀ ਮਦਹੋਸ਼ੀ ਵਿਚੋਂ ਬਾਹਰ ਨਿਕਲ ਕੇ ਸਮਝਣਾ ਚਾਹੀਦਾ ਹੈ ਕਿ ਉਹ ਕੀ ਕਰ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਆਗੂਆਂ ਦੀ ਕਾਰਗੁਜ਼ਾਰੀ ਨੂੰ ਪਰਖਣ ਲਈ ਤਾਇਨਾਤ ਕੀਤੇ ਗੈਰ-ਪੰਜਾਬੀ ਆਗੂਆਂ ਦੀ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਵਿਚ ਕੋਈ ਦਿਲਚਸਪੀ ਨਹੀਂ ਹੈ। ਜਿਉਂ ਹੀ ਉਹਨਾਂ ਸੱਤਾ ਹਾਸਿਲ ਕਰਨ ਦਾ ਉਦੇਸ਼ ਪੂਰਾ ਹੋ ਜਾਂਦਾ ਹੈ, ਉਹ ਭਗਵੰਤ ਮਾਨ ਵਰਗਿਆਂ ਨੂੰ ਠੁੱਡਾ ਮਾਰ ਕੇ ਬਾਹਰ ਕਰ ਦੇਣਗੇ ਅਤੇ ਪੰਜਾਬ ਦੀ ਮੁਗਲਾਂ ਵਾਂਗ ਲੁੱਟ ਸ਼ੁਰੂ ਕਰ ਦੇਣਗੇ।