ਚੰਡੀਗੜ੍ਹ, 17 ਜਨਵਰੀ, 2017 : ਭਾਜਪਾ ਪੰਜਾਬ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਸਾਫ਼ ਕਿਹਾ ਕਿ ਮੇਰੇ ਅਸਤੀਫੇ ਦੀਆਂ ਚਰਚਾਵਾਂ ਸਿਰਫ਼ ਅਫ਼ਵਾਹਾਂ ਹਨ। ਵਿਜੇ ਸਾਂਪਲਾ ਨੇ ਆਖਿਆ ਕਿ ਚੋਣ ਰਣਨੀਤੀ ਨੂੰ ਲੈ ਕੇ ਮੈਂ ਕੁਝ ਵਿਸ਼ੇਸ਼ ਰੁਝੇਵਿਆਂ ਵਿੱਚ ਰੁੱਝਿਆ ਹੋਇਆ ਸਾਂ, ਜਿਸ ਕਾਰਨ ਮੈਂ ਮੀਡੀਆ ਅਤੇ ਕੁਝ ਸਾਥੀਆਂ ਦੇ ਸੰਪਰਕ ਵਿੱਚ ਨਹੀਂ ਆ ਸਕਿਆ। ਇਸੇ ਦਾ ਫਾਇਦਾ ਉਠਾਉਂਦਿਆਂ ਇਹ ਚਰਚਾ ਫੈਲਾਅ ਦਿੱਤੀ ਗਈ ਕਿ ਮੈਂ ਪ੍ਰਦੇਸ਼ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਦੋਂਕਿ ਇਹ ਸਿਰਫ਼ ਅਫ਼ਵਾਹਾਂ ਹਨ। ਅਸੀਂ ਤਾਂ ਪੰਜਾਬ ਵਿੱਚ ਹੈਟ੍ਰਿਕ ਮਾਰਨ ਦੀ ਤਿਆਰੀ ਵਿੱਚ ਜੁਟੇ ਹੋਏ ਹਾਂ। ਇੱਕ ਪਾਸੇ ਜਿੱਥੇ ਵਿਜੇ ਸਾਂਪਲਾ ਨੇ ਪੂਰੀ ਤਰ੍ਹਾਂ ਅਸਤੀਫੇ ਦੀਆਂ ਚਰਚਾਵਾਂ ਦਾ ਖੰਡਨ ਕੀਤਾ, ਉੱਥੇ ਪੰਜਾਬ ਪ੍ਰਦੇਸ਼ ਇਕਾਈ ਦੇ ਸਕੱਤਰ ਵਿਨੀਤ ਜੋਸ਼ੀ ਨੇ ਵੀ ਆਖਿਆ ਕਿ ਇਨ੍ਹਾਂ ਗੱਲਾਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਸਾਂਪਲਾ ਜੀ ਤਾਂ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਨਿੱਜੀ ਅਤੇ ਸੰਗਠਨ ਦੇ ਤੌਰ 'ਤੇ ਦਿਨ ਰਾਤ ਇੱਕ ਕਰਕੇ ਜੁਟੇ ਹੋਏ ਹਨ ਤੇ ਉਹ ਆਪਣੇ ਇਸੇ ਮਿਸ਼ਨ ਨੂੰ ਅੰਜਾਮ ਦੇਣ ਲਈ ਵੋਟਰਾਂ, ਪਾਰਟੀ ਵਰਕਰਾਂ, ਉਮੀਦਵਾਰਾਂ ਅਤੇ ਹਾਈ ਕਮਾਂਡ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ।