ਪਟਿਆਲਾ, 17 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਨੂੰ ਮੰਗਲਵਾਰ ਨੂੰ ਉਸ ਵੇਲੇ ਇਕ ਵੱਡਾ ਝਟਕਾ ਲੱਗਿਆ, ਜਦੋਂ ਸਿਰਫ ਦੋ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੀ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੀ ਬੇਟੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਕੰਵਲ ਕੌਰ ਪਾਰਟੀ 'ਚ ਵਾਪਿਸ ਆ ਗਏ।
ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਵੱਲੋਂ ਗੁਰਕੰਵਲ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਗੁਰਕੰਵਲ ਦੀ ਘਰ ਵਾਪਿਸੀ ਇਸ ਗੱਲ ਦਾ ਸਬੂਤ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਕਾਂਗਰਸ ਦੇ ਪੱਖ 'ਚ ਲਹਿਰ ਚੱਲ ਰਹੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਗੁਰਕੰਵਲ ਦੀਆਂ ਕੁਝ ਸ਼ਿਕਾਇਤਾਂ ਸਨ, ਜਿਨ੍ਹਾਂ ਨੂੰ ਪਾਰਟੀ ਨੇ ਦੂਰ ਕਰ ਦਿੱਤਾ ਹੈ। ਜਦਕਿ ਗੁਰਕੰਵਲ ਨੇ ਕਿਹਾ ਕਿ ਉਹ ਕਾਂਗਰਸ ਦੇ ਆਪਣੇ ਸਿਆਸੀ ਪਰਿਵਾਰ 'ਚ ਵਾਪਿਸੀ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹਨ।
ਪੰਜਾਬ ਸਰਕਾਰ 'ਚ ਸਾਬਕਾ ਮੰਤਰੀ ਗੁਰਕੰਵਲ 2002-2007 ਦੌਰਾਨ ਜਲੰਧਰ ਕੈਂਟ ਤੋਂ ਵਿਧਾਇਕ ਰਹੀ ਹਨ। ਉਹ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਦੀ ਭੈਣ ਤੇ ਗੁਰਕੀਰਤ ਕੋਟਲੀ ਅਤੇ ਰਵਨੀਤ ਸਿੰਘ ਬਿੱਟੂ ਦੀ ਭੂਆ ਹਨ।