ਚੰਡੀਗੜ੍ਹ, 17 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ 'ਨਵਜੰਮੇ ਆਗੂ' ਨਵਜੋਤ ਸਿੱਧੂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਮੰਦੀ ਅਤੇ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਕਾਲਾਂਵਾਲੀ ਸੀਟ 'ਤੇ ਉਹਨਾਂ ਨੇ ਅਕਾਲੀ ਦਲ ਖਿਲਾਫ ਧੂੰਆਂਧਾਰ ਦੁਸ਼ਪ੍ਰਚਾਰ ਕੀਤਾ ਸੀ, ਉਸ ਸੀਟ 'ਤੇ ਭਾਰੀ ਬਹੁਮਤ ਨਾਲ ਅਕਾਲੀ ਪਰਚਮ ਲਹਿਰਾਇਆ ਸੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕੇਂਦਰੀ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਹਾਸੇ ਮਖੌਲ ਵਾਲੇ ਟੀ ਵੀ ਸ਼ੌਅ ਦੇ ਚੰਗੇ ਐਕਟਰ ਹੋ ਸਕਦੇ ਹਨ ਜੋ ਆਪਣੇ ਡਾਇਲਾਗਜ਼ ਨਾਲ ਲੋਕਾਂ ਦਾ ਚੰਗਾ ਮਨੋਰੰਜਨ ਕਰਦੇ ਹੋਣ ਪਰ ਇਹਨਾਂ ਡਾਇਲਾਗਜ਼ ਦੇ ਬਲਬੂਤੇ ਉਹ ਸਿਆਸੀ ਪੀੜ ਵਿਚ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ। ਉਹਨਾਂ ਨੇ ਕਾਂਗਰਸ ਦੇ ਇਸ 'ਸੈਲੀਬਰਿਟੀ ਆਗੂ' ਨੂੰ ਚੇਤੇ ਕਰਵਾਇਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਜਿਸ ਕਾਲਾਂਵਾਲੀ ਸੀਟ 'ਤੇ ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਧੂੰਆਂਧਾਰ ਦੁਸ਼ਪ੍ਰਚਾਰ ਕੀਤਾ ਸੀ, ਉਸ ਸੀਟ 'ਤੇ ਅਕਾਲੀ ਦਲ ਦਾ ਉਮੀਦਵਾਰ ਭਾਰੀ ਬਹੁਮਤ ਨਾਲ ਜੇਤੂ ਰਿਹਾ ਸੀ ਤੇ ਜਿਸ ਉਮੀਦਵਾਰ ਵਾਸਤੇ ਸ੍ਰੀ ਸਿੱਧੂ ਨੇ ਪ੍ਰਚਾਰ ਕੀਤਾ ਸੀ, ਉਹ ਕਿਤੇ ਮੁਕਾਬਲੇ ਵਿਚ ਵੀ ਨਹੀਂ ਸੀ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਹੁਣ ਇਹੀ ਇਤਿਹਾਸ ਪੰਜਾਬ ਵਿਚ ਦੁਹਰਾਇਆ ਜਾਵੇਗਾ ਅਤੇ ਅਕਾਲੀ ਦਲ ਦੇ ਖਿਲਾਫ ਭਾਵੇਂ ਉਹ ਜਿਹੜੀ ਮਰਜ਼ੀ ਮੰਦੀ ਤੇ ਇਤਰਾਜ਼ਸੋਗ ਭਾਸ਼ਾ ਵਰਤ ਲੈਣ, ਇਹ ਅਕਾਲੀ ਦਲ ਦੇ ਹੱਕ ਵਿਚ ਹੀ ਜਾਵੇਗੀ ਕਿਉਂਕਿ ਲੋਕ ਸੱਚਾਈ ਤੋਂ ਭਲੀ ਭਾਂਤ ਵਾਕਫ ਹਨ ਤੇ ਸੱਚਾਈ ਇਹੀ ਹੈ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਨੇ ਰਾਜ ਵਿਚ ਅਣਕਿਆਸਾ ਵਿਕਾਸ ਕਰਵਾਇਆ ਹੈ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਲਈ ਬੇਹਤਰੀਨ ਸਮਾਜ ਭਲਾਈ ਯੋਜਨਾਵਾਂ ਲਾਗੂ ਕੀਤੀਆਂ ਹਨ।
ਉਹਨਾਂ ਨੇ ਅੰਮ੍ਰਿਤਸਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਚੇਤੇ ਕਰਵਾਇਆ ਕਿ ਉਹਨਾਂ ਵੱਲੋਂ ਪਵਿੱਤਰ ਨਗਰੀ ਨਾਲ ਵਿਤਕਰਾ ਕੀਤੇ ਜਾਣ ਦੇ ਕੀਤੇ ਦਾਅਵਿਆਂ ਦੀ ਹਕੀਕਤ ਵੀ ਜੱਗ ਜਾਹਰ ਹੋ ਗਈ ਹੈ ਅਤੇ ਵਾਹਿਗੁਰੂ ਦੀ ਮਿਹਰ ਨਾਲ ਅੰਮ੍ਰਿਤਸਰ ਵਿਚ ਜੋ ਕੰਮ ਹੋਏ, ਸ੍ਰੀ ਸਿੱਧੂ ਉਹਨਾਂ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ।
ਕਾਂਗਰਸ ਨੂੰ ਆਪਣੀ ਮਾਂ ਪਾਰਟੀ ਦੱਸ ਕੇ ਇਸ ਵਿਚ 'ਘਰ ਵਾਪਸੀ' ਦੇ ਕੀਤੇ ਦਾਅਵੇ ਦੀ ਖਿੱਲੀ ਉਡਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਫਿਰ ਆਪ ਉਹਨਾਂ ਦੀ ਕੀ ਲੱਗਦੀ ਹੈ ਜਿਸਦੀ ਲੀਡਰਸ਼ਿਪ ਨਾਲ ਉਹ ਅਨੇਕਾਂ ਵਾਰ ਮੀਟਿੰਗਾਂ ਕਰ ਚੁੱਕੇ ਹਨ ਤੇ ਇਸ ਪਾਰਟੀ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਸੀ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸ੍ਰੀ ਸਿੱਧੂ ਸਿਆਸੀ ਪਿੜ ਵਿਚ ਕਿਸੇ ਵੀ ਕੰਮ ਦੇ ਨਹੀਂ ਹਨ ਅਤੇ ਉਹਨਾਂ ਵੱਲੋਂ ਮੌਜੂਦਾ ਵਿਧਾਨ ਸਭਾ ਚੋਣਾਂ ਵਿਚ ਗੰਦੀ ਤੇ ਅਸਭਿਅਕ ਭਾਸ਼ਾ ਦੀ ਵਰਤੋਂ ਕਰ ਕੇ ਕੀਤੇ ਜਾਣ ਵਾਲੇ ਦੁਸ਼ਪ੍ਰਚਾਰ ਦੀ ਬਦੌਲਤ ਕਾਂਗਰਸ ਦੀ ਕਿਸਮਤ ਬਦਲਣ ਦੇ ਰੱਖੇ ਭੁਲੇਖੇ ਵੀ 11 ਮਾਰਚ 2017 ਨੂੰ ਦੂਰ ਹੋ ਜਾਣਗੇ।