ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਚੋਣ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨਾਲ ਸ੍ਰੀ ਬਖਸ਼ੀ ਰਾਮ ਅਰੋੜਾ, ਬਲਦੇਵ ਰਾਜ ਚਾਵਲਾ ਤੇ ਹੋਰ ਸਖਸ਼ੀਅਤਾਂ।
ਅੰਮ੍ਰਿਤਸਰ, 18 ਜਨਵਰੀ, 2017 : ਕੇਂਦਰੀ ਸਟੀਲ, ਕਿਰਤ ਅਤੇ ਰੋਜ਼ਗਾਰ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਹੁਤ ਜਲਦ ਅੰਮ੍ਰਿਤਸਰ ਲੋਕ ਸਭਾ ਹਲਕਾ ਦੇ ਪ੍ਰਚਾਰ ਲਈ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੇਨਤੀ ਪੱਤਰ ਸ੍ਰੀ ਮੋਦੀ ਨੂੰ ਪਾਰਟੀ ਵੱਲੋਂ ਭੇਜਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੇ ਉਤਰ ਪ੍ਰਦੇਸ਼, ਗੋਆ ਦੇ ਦੌਰਿਆਂ ਨੂੰ ਧਿਆਨ 'ਚ ਰੱਖਦਿਆਂ ਨਿਸ਼ਚਿਤ ਤਾਰੀਖ ਜਲਦ ਐਲਾਨੀ ਜਾਵੇਗੀ।
ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਦੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਚੋਣ ਦਫਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਤੋਮਰ ਨੇ ਇਕ ਸਵਾਲ ਦੇ ਜਵਾਬ 'ਚ ਨਵਜੋਤ ਸਿੰਘ ਸਿੱਧੂ 'ਤੇ ਤਿੱਖਾ ਨਿਸ਼ਾਨਾ ਕੱਸਦਿਆ ਕਿਹਾ ਕਿ ਉਹ ਗਠਜੋੜ ਦੀ ਸ਼ਕਤੀ ਮੂਹਰੇ ਟਿਕ ਨਹੀਂ ਸਕਣਗੇ। ਜਿਸਦਾ ਭੁਗਤਾਨ ਉਨ੍ਹਾਂ ਨੂੰ 4 ਫਰਵਰੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਨਤੀਜ਼ਿਆਂ ਤੋਂ ਬਾਅਦ ਪ੍ਰਤੱਖ ਹੋ ਜਾਵੇਗਾ।
ਸ੍ਰੀ ਤੋਮਰ ਨੇ ਮੋਦੀ ਸਰਕਾਰ ਦੀ ਵਿਕਾਸ ਦੇ ਮੁੱਦੇ ਅਤੇ ਦੇਸ਼ ਦੀ ਬਦਲਦੀ ਨੁਹਾਰ ਨੂੰ ਸਹੀ ਦਿਸ਼ਾ 'ਚ ਦੱਸਦਿਆਂ ਕਿਹਾ ਕਿ ਭਾਰਤ ਦੁਨੀਆ ਦੇ ਉਨਤ ਦੇਸ਼ਾਂ ਦੀ ਕਤਾਰ 'ਚ ਜਲਦ ਹੀ ਸ਼ਾਮਿਲ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦਾ ਸੁਪਨਾ ਦੇਸ਼ ਨੂੰ ਸ਼ਿਖਰਾਂ ਤੱਕ ਲਿਜਾਣਾ ਹੈ, ਜਿਸ ਲਈ ਕੇਂਦਰ ਸਰਕਾਰ ਬਹੁਤ ਠੋਸ ਫੈਸਲੇ ਲੈ ਰਹੀ ਹੈ। ਉਨ੍ਹਾਂ ਨੇ ਪੰਜਾਬ ਸੂਬੇ 'ਚ ਅਕਾਲੀ ਭਾਜਪਾ ਸਰਕਾਰ ਨੂੰ ਵੀ ਵਿਕਾਸ ਦਾ ਇਤਿਹਾਸ ਸਿਰਜਣ ਵਾਲੀ ਸਰਕਾਰ ਦੱਸਿਆ ਅਤੇ ਕਿਹਾ ਕਿ ਹੁਣ ਤੀਸਰੀ ਵਾਰ ਗਠਜੋੜ ਪੰਜਾਬ 'ਚ ਆਪਣੀ ਪੈਂਠ ਜਮਾਏਗਾ। ਉਨ੍ਹਾਂ ਨੇ ਸ: ਛੀਨਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਕੇਂਦਰ 'ਚ ਮੌਜ਼ੂਦਾ ਸਰਕਾਰ ਦਾ ਅਟੁੱਟ ਹਿੱਸਾ ਬਣਾਉਣ ਲਈ ਵੋਟਰਾਂ ਨੂੰ ਅਪੀਲ ਕੀਤੀ।
ਇਸ ਤੋਂ ਪਹਿਲਾਂ ਸ੍ਰੀ ਤੋਮਰ ਨੇ ਮੋਦੀ ਸਰਕਾਰ ਨੂੰ ਕਿਸਾਨਾਂ ਅਤੇ ਗਰੀਬ ਲੋਕਾਂ ਦੀ ਹਮਾਇਤੀ ਅਤੇ ਦੇਸ਼ ਸਮਰੱਥ ਬਣਾਉਣ ਵਾਲੀ ਸਰਕਾਰ ਦੱਸਿਆ। ਉਨ੍ਹਾਂ ਨੇ ਨਾ ਸਿਰਫ਼ ਲੋਕ ਸਭਾ, ਸਗੋਂ ਇਸ ਖੇਤਰ ਦੀਆਂ ਸਮੂਹ 9 ਵਿਧਾਨ ਸਭਾ ਸੀਟਾਂ 'ਤੇ ਜਿੱਤ ਹਾਸਲ ਕਰਨ ਦੀ ਗੱਲ ਵੀ ਦੁਹਰਾਈ। ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਦੁਆਰਾ ਸੌਂਪੇ ਗਏ ਕਥਿਤ ਅਸਤੀਫ਼ੇ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਸਾਂਪਲਾ ਨੇ ਆਪ ਹੀ ਇਸ ਸਬੰਧੀ ਰਿਪੋਰਟਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਟਿਕਟਾਂ ਪ੍ਰਦਾਨ ਕਰਨ 'ਚ ਦੇਰੀ ਇਕ ਸੰਭਾਵਿਕ ਪ੍ਰੀਕ੍ਰਿਆ ਹੈ ਅਤੇ ਇਸ ਨੂੰ ਸ੍ਰੀ ਸਾਂਪਲਾ ਵੱਲੋਂ ਕਿਸੇ ਤਰ੍ਹਾਂ ਦੀ ਨਰਾਜ਼ਗੀ ਨਾਲ ਨਹੀਂ ਜੋੜਿਆ ਜਾ ਸਕਦਾ।
ਸ: ਛੀਨਾ ਤੋਂ ਇਲਾਵਾ ਇਸ ਮੌਕੇ ਸੰਸਦੀ ਮੈਂਬਰ ਸ੍ਰੀ ਸ਼ਵੇਤ ਮਲਿਕ, ਬਲਦੇਵ ਰਾਜ ਚਾਵਲਾ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਸ੍ਰੀ ਕੇਵਲ ਕੁਮਾਰ, ਸੁਭਾਸ਼ ਸ਼ਰਮਾ, ਸ੍ਰੀ ਜਨਾਰਦਨ ਤੋਂ ਇਲਾਵਾਡਾ. ਸ਼ੁਸ਼ੀਲ ਦੇਵਗਨ ਅਤੇ ਓ. ਐਸ. ਡੀ. ਅਜੈਪਾਲ ਸਿੰਘ ਢਿੱਲੋਂ ਵੀ ਮੌਜ਼ੂਦ ਸਨ।