ਪਟਿਆਲਾ, 18 ਜਨਵਰੀ, 2017 : ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ 2 ਫਰਵਰੀ ਸ਼ਾਮ 5.00 ਵਜੇ ਤੋਂ 4 ਫਰਵਰੀ ਸ਼ਾਮ 5.00 ਵਜੇ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ।
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਪਾ੍ਰਪਤ ਹੋਏ ਆਦੇਸ਼ ਨੂੰ ਲਾਗੂ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਰਾਮਵੀਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ-2017 ਦੇ ਮੱਦੇ ਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਦੇਸ਼ ਜਾਰੀ ਕੀਤੇ ਹਨ ਕਿ ਪਟਿਆਲਾ ਜ਼ਿਲ੍ਹੇ ਦੀ ਸੀਮਾਂ ਵਿੱਚ ਆਉਣ ਵਾਲੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਏਰੀਏ ਵਿੱਚ 2 ਫਰਵਰੀ 2017 ਦੀ ਸ਼ਾਮ 5.00 ਵਜੇ ਤੋਂ ਵੋਟਾਂ ਵਾਲੇ ਦਿਨ 4 ਫਰਵਰੀ ਸ਼ਾਮ 5.00 ਵਜੇ ਤੱਕ ਡਰਾਈ ਡੇ ਐਲਾਨੇ ਜਾਂਦੇ ਹਨ। ਇਸ ਪਾਬੰਦੀ ਵਾਲੇ ਸਮੇਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ਰਾਬ ਦੇ ਠੇਕੇ ਦੇਸੀ, ਅੰਗਰੇਜ਼ੀ ਬੰਦ ਰਹਿਣਗੇ ਅਤੇ ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ ਅਤੇ ਆਹਾਤੇ ਵਿੱਚ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਰੂਪ ਵਿੱਚ ਇਜ਼ਾਜ਼ਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਜਨਤਕ ਥਾਵਾਂ ਆਦਿ 'ਤੇ ਸ਼ਰਾਬ ਦੀ ਵਿਕਰੀ ਕਰਨ, ਵਰਤੋਂ ਕਰਨ, ਪੀਣ ਪਿਲਾਉਣ ਅਤੇ ਸਟੋਰ ਕਰਨ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ ਹੋਵੇਗੀ।