ਚੰਡੀਗੜ੍ਹ, 18 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਆਪ ਕਨਵੀਨਰ ਪੰਜਾਬੀਆਂ ਨੂੰ ਦੱਸੇ ਕਿ ਉਹ ਅੱਤਵਾਦੀ ਗਰੁੱਪਾਂ ਤੋਂ ਪੈਸਾ ਅਤੇ ਸਮਰਥਨ ਕਿਉਂ ਲੈ ਰਿਹਾ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਸਪੱਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਅੱਤਵਾਦੀ ਗਰੁੱਪਾਂ ਤੋਂ ਸਿਰਫ ਸਮਰਥਨ ਹੀ ਨਹੀਂ ਮੰਗ ਰਿਹਾ, ਸਗੋਂ ਉਹਨਾਂ ਤੋਂ ਪੈਸੇ ਵੀ ਲੈ ਰਿਹਾ ਹੈ। ਕੇਜਰੀਵਾਲ ਨੂੰ ਪੰਜਾਬੀਆਂ ਨੂੰ ਸਾਫ ਦੱਸਣਾ ਚਾਹੀਦਾ ਹੈ ਕਿ ਉਸ ਨੇ ਗਰਮ ਖਿਆਲੀ ਧਿਰਾਂ ਨਾਲ ਕਿਹੜੀ ਸੌਦੇਬਾਜ਼ੀ ਕੀਤੀ ਹੈ, ਜਿਹੜੀਆਂ ਪੰਜਾਬ ਵਿਚ ਮੁਸ਼ਕਿਲ ਨਾਲ ਲਿਆਂਦੀ ਸ਼ਾਂਤੀ ਨੂੰ ਭੰਗ ਕਰਨ 'ਤੇ ਤੁਲੀਆਂ ਹੋਈਆਂ ਹਨ। ਤੁਸੀਂ ਕਿਉਂ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੋਹਰੀ ਜਥੇਬੰਦੀ ਅਖੰਡ ਕੀਰਤਨੀ ਜਥੇ ਨਾਲ ਬਰੇਕ ਫਾਸਟ ਉੱਤੇ ਮੀਟਿੰਗਾਂ ਕਰ ਰਹੇ ਹੋ? ਤੁਸੀਂ ਤਰਨ ਤਾਰਨ ਵਿਚ ਵੱਖਵਾਦੀਆਂ ਦਾ ਇਕੱਠ ਕਰਨ ਵਾਲੇ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਮੋਹਕਮ ਸਿੰਘ ਨੂੰ ਕਿਉਂ ਮਿਲੇ ਸੀ?
ਕੇਜਰੀਵਾਲ ਨੂੰ ਆਪ ਵੱਲੋਂ ਵਿਦੇਸ਼ਾਂ ਤੋਂ ਇਕੱਠੇ ਕੀਤੇ ਪੈਸਿਆਂ ਅਤੇ ਫੰਡ ਭੇਜਣ ਵਾਲਿਆਂ ਦੇ ਵੇਰਵਿਆਂ ਦਾ ਖੁਲਾਸਾ ਕਰਨ ਲਈ ਆਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਆਪ ਆਗੂ ਇਹਨਾਂ ਗੱਲਾਂ ਦਾ ਖੁਲਾਸਾ ਨਹੀਂ ਕਰਦਾ ਤਾਂ ਸਾਬਿਤ ਹੋ ਜਾਵੇਗਾ ਕਿ ਉਹ ਅੱਤਵਾਦੀਆਂ ਨਾਲ ਮਿਲਿਆ ਹੋਇਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕੇਜਰੀਵਾਲ ਨੇ ਗਰਮ ਖਿਆਲੀ ਧਿਰਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਚੋਣਾਂ ਵਿਚ ਗਰਮ ਖਿਆਲੀ ਧਿਰਾਂ ਦੁਆਰਾ ਕੀਤੀ ਆਪ ਦੀ ਮੱਦਦ ਬਦਲੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਉਹਨਾਂ ਵਿਚ ਹੱਥ ਵਿਚ ਦੇ ਦੇਵੇਗਾ। ਉਹਨਾਂ ਕਿਹਾ ਕਿ ਅਜਿਹੀ ਸੌਦੇਬਾਜ਼ੀ ਹੁੰਦੇ ਹੀ ਪੰਜਾਬ ਵਿਚ ਹਿੰਸਾ ਭੜਕਾਉਣ ਦੀਆਂ ਘਟਨਾਵਾਂ ਵਿਚ ਇਕਦਮ ਵਾਧਾ ਹੋ ਗਿਆ ਸੀ।
ਆਪ ਆਗੂਆਂ ਦੁਆਰਾ ਦਿੱਤੀਆਂ ਜਾ ਰਹੀਆਂ ਫੋਕੀਆਂ ਧਮਕੀਆਂ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਖਿਲਾਫ ਕੇਸ ਦਰਜ ਕੀਤੇ ਸਨ ਅਤੇ ਉਹਨਾਂ ਨੂੰ ਗਿਰਫਤਾਰ ਵੀ ਕਰਵਾਇਆ ਸੀ। ਪਰ ਦੋਵੇਂ ਪਰਿਵਾਰ -ਬਾਦਲ ਪਰਿਵਾਰ ਅਤੇ ਅਕਾਲੀ ਦਲ ਪਰਿਵਾਰ- ਜਿਹਨਾਂ ਨੂੰ ਅਮਰਿੰਦਰ ਸਿਆਸੀ ਤੌਰ ਤੇ ਖਤਮ ਕਰਨਾ ਚਾਹੁੰਦਾ ਸੀ, ਸਗੋਂ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਏ। ਉਹਨਾਂ ਕਿਹਾ ਕਿ ਬਾਦਲ ਸਾਹਬ ਜੇਲ੍ਹ ਜਾਣ ਤੋਂ ਨਹੀਂ ਡਰਦੇ। ਉਹਨਾਂ ਨੇ 17 ਸਾਲਾਂ ਤੋ ਵੱਧ ਸਮਾਂ ਜੇਲ੍ਹਾਂ ਵਿਚ ਗੁਜ਼ਾਰਿਆ ਹੈ। ਉਹਨਾਂ ਉਲਟਾ ਕੇਜਰੀਵਾਲ ਨੂੰ ਕਿਹਾ ਕਿ ਇਹ ਤੁਸੀਂ ਹੋ ਜਿਹੜੇ ਜੇਲ੍ਹ ਤੋਂ ਡਰਦੇ ਹੋ। ਤੁਹਾਨੂੰ ਇੱਕ ਦਿਨ ਦੀ ਜੇਲ੍ਹ ਕੱਟਣੀ ਔਖੀ ਹੋ ਗਈ ਸੀ ਅਤੇ ਤੁਸੀਂ ਝੱਟ ਜ਼ਮਾਨਤ ਮੰਗ ਲਈ ਸੀ। ਜਦੋਂ ਤੁਸੀਂ ਮਾਣਹਾਨੀ ਦੇ ਕੇਸ ਵਿਚ ਸਜ਼ਾ ਕੱਟਣੀ ਪਈ ਤਾਂ ਉਦੋਂ ਤੁਹਾਡੀਆਂ ਚੀਕਾਂ ਨਿਕਲਣਗੀਆਂ। ਬੇਸੱæਕ ਇਸ ਸਜ਼ਾ ਨੂੰ ਟਾਲਣ ਲਈ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ। ਪਰ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਬਹੁਤ ਜਲਦੀ ਤੁਸੀਂ ਖੁਦ ਨੂੰ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਖੜ੍ਹੇ ਪਾਓਗੇ।