ਅੰਮ੍ਰਿਤਸਰ, 18 ਜਨਵਰੀ 2017 : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਉਤੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 6000 ਕਰੋੜ ਦੇ ਡਰੱਗ ਰੈਕੇਟ ਦੇ ਮਾਮਲੇ ਵਿੱਚ ਬਚਾਉਣ ਦਾ ਦੋਸ਼ ਲਾਇਆ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਕੇਸ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਆਰੋਪ ਮੜੇ।
ਆਮ ਆਦਮੀ ਪਾਰਟੀ ਪੰਜਾਬ ਦੇ ਲੀਗਲ ਸੈਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵੱਲੋਂ ਫਤਿਹਗੜ ਸਾਹਿਬ ਅਦਾਲਤ ਵਿੱਚ 10 ਜਨਵਰੀ ਨੂੰ ਜਮਾਂ ਕੀਤੀ ਗਈ ਰਿਪੋਰਟ ਵਿੱਚੋਂ ਕੈਨੇਡਾ ਆਧਾਰਿਤ ਤਿੰਨ ਡਰੱਗ ਤਸਕਰਾਂ ਸਤਪ੍ਰੀਤ ਸਿੰਘ ਸੱਤਾ, ਪਰਮਿੰਦਰ ਸਿੰਘ ਪਿੰਦਾ ਅਤੇ ਅਮਰਿੰਦਰ ਲਾਡੀ ਦੇ ਨਾਂਅ ਮਿਟਾ ਦਿੱਤੇ ਗਏ ਹਨ, ਜੋ ਕਿ ਕੌਮਾਂਤਰੀ ਡਰੱਗ ਤਸਕਰੀ ਵਿੱਚ ਸ਼ਾਮਿਲ ਸਨ ਅਤੇ ਬਿਕਰਮ ਮਜੀਠੀਆ ਇਨਾਂ ਦਾ ਸਰਗਨਾ ਸੀ। ਐਸਆਈਟੀ ਰਿਪੋਰਟਾਂ ਦੇ ਮੁਤਾਬਿਕ ਜਗਦੀਸ਼ ਭੋਲਾ ਨੂੰ ਦੋ ਕੇਸਾਂ ਵਿੱਚ ਰਾਹਤ ਮਿਲ ਚੁੱਕੀ ਹੈ ਅਤੇ ਤੀਜੇ ਕੇਸ ਵਿੱਚ ਵੀ ਕਲੀਨ ਚਿਟ ਮਿਲ ਜਾਵੇਗੀ।
ਸ਼ੇਰਗਿੱਲ, ਜੋ ਕਿ ਮਜੀਠਾ ਤੋਂ ਬਿਕਰਮ ਮਜੀਠੀਆ ਖਿਲਾਫ ਚੋਣ ਲੜ ਰਹੇ ਹਨ, ਉਨਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਤੀਜੇ ਬਿਕਰਮ ਮਜੀਠੀਆ ਨੂੰ ਸੀਬੀਆਈ ਜਾਂਚ ਵਿੱਚ ਬਚਾਉਣ ਵਿੱਚ ਮਦਦ ਕੀਤੀ ਹੈ। ਉਨਾਂ ਕਿਹਾ ਕਿ ਮਜੀਠੀਏ ਨੂੰ ਈਡੀ ਦੀ ਗਿ੍ਰਫਤਾਰੀ ਤੋਂ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੀਆਂ ਹੱਦਾਂ ਟੱਪ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੱਕ ਪਹੁੰਚ ਕੀਤੀ। ਬਾਅਦਾ ਵਿੱਚ ਨਰਿੰਦਰ ਮੋਦੀ ਸਰਕਾਰ ਵੱਲੋਂ ਈਡੀ ਜਾਂਚ ਅਧਿਕਾਰੀ ਨਿਰੰਜਨ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ।
ਸ਼ੇਰਗਿੱਲ ਨੇ ਕਿਹਾ ਕਿ ਕੈਨੇਡਾ ਬੇਸਡ ਐਨਆਰਆਈ ਅਨੂਪ ਸਿੰਘ ਕਾਹਲੋਂ ਨੂੰ ਫਤਹਿਗੜ ਸਾਹਿਬ ਪੁਲਿਸ ਵੱਲੋਂ 13 ਮਾਰਚ 2013 ਨੂੰ ਸਿੰਥੈਟਿਕ ਡਰੱਗ ਸਣੇ ਗਿ੍ਰਫਤਾਰ ਕੀਤਾ ਗਿਆ ਸੀ। ਕਾਹਲੋਂ ਵੱਲੋਂ ਕੀਤੇ ਗਏ ਕਬੂਲਨਾਮੇ ਵਿੱਚ ਜਗਦੀਸ਼ ਭੋਲਾ ਦਾ ਨਾਂਅ ਆਇਆ ਅਤੇ ਉਸਨੇ ਬਿਕਰਮ ਮਜੀਠੀਆ ਨੂੰ ਸਰਗਨਾ ਦੱਸਿਆ। ਮਜੀਠੀਆ ਦਾ ਨਾਂਅ ਦੋ ਹੋਰ ਸਹਿ-ਦੋਸ਼ੀਆਂ ਮਨਜਿੰਦਰ ਸਿੰਘ ਉਰਫ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਹਿਲ ਵੱਲੋਂ ਲਿਆ ਗਿਆ ਸੀ, ਜੋ ਕਿ ਇੱਕ ਫਰਮਾ ਕੰਪਨੀ ਚਲਾਉਂਦੇ ਸਨ ਅਤੇ ਬਾਅਦ ਵਿੱਚ ਪੁਲਿਸ ਨੇ ਉਨਾਂ ਨੂੰ ਗਿ੍ਰਫਤਾਰ ਕਰ ਲਿਆ ਸੀ।
ਸ਼ੇਰਗਿੱਲ ਨੇ ਬਿੱਟੂ ਔਲਖ ਵੱਲੋਂ ਈਡੀ ਅੱਗੇ ਦਿੱਤੀ ਗਈ ਸਟੇਟਮੈਂਟ ਪੜ ਕੇ ਸੁਣਾਈ, ਜਿਸ ਵਿੱਚ ਕਿਹਾ ਗਿਆ ਸੀ,“ਮਜੀਠੀਆ ਨੇ ਸੱਤਾ ਨਾਲ ਮੈਨੂੰ ਆਪਣਾ ਸਭ ਤੋਂ ਚੰਗਾ ਮਿੱਤਰ ਦੱਸ ਕੇ ਮਿਲਾਇਆ। ਮੈਂ ਸੱਤਾ ਨੂੰ ਮਜੀਠੀਆ ਦੀ ਰਿਹਾਇਸ਼ 43, ਗ੍ਰੀਨ ਐਨੇਨਿਯੂ ਅੰਮਿ੍ਰਤਸਰ ਵਿੱਚ ਮਿਲਿਆ ਸੀ”। ਔਲਖ ਨੇ ਇਹ ਵੀ ਬਿਆਨ ਦਿੱਤੀ ਸੀ ਕਿ ਉਸਨੇ ਸੱਤਾ ਅਤੇ ਪਿੰਦਾ ਨੂੰ ਫਰਮਾ ਕੰਪਨੀ ਦੇ ਮਾਲਕ ਚਹਿਲ ਨਾਲ ਮਿਲਾਇਆ ਸੀ।
ਸ਼ੇਰਗਿੱਲ ਨੇ ਕਿਹਾ ਕਿ ਸਤਪ੍ਰੀਤ ਸਿੰਘ ਸੱਤਾ ਅਤੇ ਪਰਮਿੰਦਰ ਸਿੰਘ ਪਿੰਦਾ ਦਾ ਨਾਂਅ ਬਨੂੜ ਪੁਲਿਸ ਥਾਣੇ ਵਿੱਚ 2013 ਦੀ ਐਫਆਈਆਰ ਨੰਬਰ 56 ਵਿੱਚ ਦਰਜ ਹੈ। ਡਰੱਗ ਕੇਸ ਵਿੱਚ ਉਨਾਂ ਦੇ ਨਾਂਅ ਦੀ ਪੁਲਿਸ ਵੱਲੋਂ ਕਦੇ ਜਾਂਚ ਨਹੀਂ ਕੀਤੀ ਗਈ।
ਉਨਾਂ ਕਿਹਾ ਕਿ ਕਬੂਲਨਾਮਿਆਂ ਵਿੱਚ ਬਿਕਰਮ ਮਜੀਠੀਆ ਦਾ ਨਾਂਅ ਆਉਣ ਉਤੇ ਪੰਜਾਬ ਪੁਲਿਸ ਨੇ ਡਰੱਗ ਰੈਕੇਟ ਦੀ ਜਾਂਚ ਰੋਕ ਦਿੱਤੀ। ਐਸਐਸਪੀ ਹਰਦਿਆਲ ਸਿੰਘ, ਜੋ ਕਿ ਮਾਮਲੇ ਦੀ ਛਾਣਬੀਣ ਕਰ ਰਹੇ ਸਨ, ਉਨਾਂ ਨੂੰ ਦਸੰਬਰ 2014 ਦੇ ਪਹਿਲੇ ਹਫਤੇ ਫਿਰੋਜਪੁਰ ਤਬਦੀਲ ਕਰ ਦਿੱਤਾ ਗਿਆ ਅਤੇ ਕੇਸ ਤੋਂ ਹਟਾ ਦਿੱਤਾ ਗਿਆ। ਉਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਿਕਰਮ ਮਜੀਠੀਆ ਨੂੰ ਬਚਾਉਣ ਲਈ ਜਾਂਚ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ।
ਸ਼ੇਰਗਿੱਲ ਨੇ ਕਿਹਾ ਕਿ ਨਾ ਤਾਂ ਪੰਜਾਬ ਪੁਲਿਸ ਅਤੇ ਨਾ ਹੀ ਈਸ਼ਵਰ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ ਜਾਂਚ ਟੀਮ ਨੇ ਕੈਨੇਡਾ ਬੇਸਡ ਤਿੰਨ ਤਸਕਰਾਂ ਨੂੰ ਜਾਂਚ ਲਈ ਪੇਸ਼ ਹੋਣ ਲਈ ਕਿਹਾ। ਉਨਾਂ ਕਿਹਾ ਕਿ ਜਾਂਚ ਵਿੱਚ ਮਜੀਠੀਆ ਦੇ ਐਨਆਰਆਈ ਮਿੱਤਰਾਂ ਲਈ ਕੋਈ ਸਮਨ ਜਾਂ ਲੁੱਕ ਆਉਟ ਨੋਟਿਸ਼ ਜਾਰੀ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਰਿਪੋਰਟ ਤਿਆਰ ਕਰਨ ਵਿੱਚ ਜਿਆਦਾਤਰ ਪੰਜਾਬ ਪੁਲਿਸ ਉਤੇ ਨਿਰਭਰ ਰਹੀ।
ਸ਼ੇਰਗਿੱਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਨ ਲਈ ਹਾਈਕੋਰਟ ਦੇ ਕਿਸੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ। ਉਨਾਂ ਕਿਹਾ ਕਿ ਦੋ ਐਨਆਰਆਈਜ ਨੂੰ ਇੰਟੈਰੋਗੇਟ ਕੀਤਿਆਂ ਬਿਨਾਂ ਕੇਸ ਦੀ ਜੜ ਤੱਕ ਪਹੁੰਚਣਾ ਮੁਸ਼ਕਿਲ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਸੀਬੀਆਈ ਵੱਲੋਂ ਪੰਜਾਬ ਅਤੇ ਕੇਂਦਰ ਵਿਚਲੀਆਂ ਵਿੱਚ ਅਕਾਲੀ ਭਾਜਪਾ ਸਰਕਾਰਾਂ ਦੇ ਪ੍ਰਭਾਵ ਹੇਠ ਕੰਮ ਕੀਤਾ ਜਾ ਰਿਹਾ ਹੈ।
. ਉਨਾਂ ਆਸ ਪ੍ਰਗਟਾਈ ਕਿ ਇਨਸਾਫ ਦੀ ਜਿੱਤ ਹੋਵੇਗੀ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੇਸ ਨੂੰ ਕਾਨੂੰਨੀ ਤਰੀਕੇ ਨਾਲ ਨਿਪਟਾਇਆ ਜਾਵੇਗਾ।