ਮੋਗਾ, 18 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਅੰਗਹੀਣ ਵਿਅਕਤੀਆਂ ਲਈ ਪਾਰਟੀ ਦਾ ਵਿਸ਼ੇਸ਼ ਚੋਣ ਮਨੋਰਥ ਪੱਤਰ ਜਾਰੀ ਕੀਤਾ ਅਤੇ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ।
ਅਪਾਹਿਜ ਵਿਅਕਤੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੈਨਸ਼ਨ ਵਧਾਈ ਜਾਵੇਗੀ (2500 ਰੁਪਏ ਤੱਕ) ਅਤੇ ਸਿੱਧੀ ਅਪਾਹਿਜਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੈਨਸ਼ਨ ਦੀ ਯੋਗਤਾ ਦੀ ਸ਼ਰਤ 12,000 ਰੁਪਏ ਸਲਾਨਾ ਤੋਂ ਵਾਧਾ ਕੇ ਇੱਕ ਲੱਖ ਰੁਪਏ ਸਲਾਨਾ ਕਰੇਗੀ, ਜਿਵੇਂ ਕਿ ਦਿੱਲੀ ਵਿੱਚ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਪੈਨਸ਼ਨ ਲਈ ਅਪਾਹਿਜਤਾ ਦਾ ਪੱਧਰ ਵੀ 50 ਫੀਸਦੀ ਤੋਂ ਘਟਾ ਕੇ 40 ਫੀਸਦੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੰਜੇ ਉਤੇ ਪਏ ਮਰੀਜਾਂ ਨੂੰ ਜਰੂਰੀ ਕਿਟ ਦਿੱਤੀ ਜਾਵੇਗੀ, ਜਿਸ ਵਿੱਚ ਵੀਲ ਚੇਅਰ ਵੀ ਸ਼ਾਮਿਲ ਹੋਵੇਗੀ। ਉਨਾਂ ਕਿਹਾ ਕਿ ਮੰਜੇ ਉਤੇ ਪਏ ਅਪਾਹਿਜ ਵਿਅਕਤੀਆਂ ਨੂੰ 5000 ਰੁਪਏ ਪ੍ਰਤਿ ਮਹੀਨਾ ਕੇਅਰਟੇਕਰ ਭੱਤਾ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਅੰਗਹੀਣਾਂ ਲਈ ਰਾਖਵੀਆਂ ਖਾਲੀ ਪਈਆਂ ਅਸਾਮੀਆਂ ਨੂੰ ਇੱਕ ਸਾਲ ਦੇ ਅੰਦਰ-ਅੰਦਰ ਭਰਿਆ ਜਾਵੇਗਾ ਅਤੇ ਇੱਕ ਲੱਖ ਅੰਗਹੀਣਾਂ ਨੂੰ ਅਗਲੇ ਪੰਜ ਸਾਲਾਂ ਵਿੱਚ ਹੁੰਨਰਮੰਦ ਬਣਾਇਆ ਜਾਵੇਗਾ, ਤਾਂ ਜੋ ਉਹ ਇੱਕ ਬਿਹਤਰ ਜਿੰਦਗੀ ਜੀ ਸਕਣ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਔਰਤਾਂ ਵਾਂਗ ਹੀ ਅੰਗਹੀਣਾਂ ਲਈ ਜਮੀਨ ਦੀ ਰਜਿਸਟ੍ਰੇਸ਼ਨ ਫੀਸ ਘਟਾਈ ਜਾਵੇਗੀ ਅਤੇ ਖੇਤ ਮਜਦੂਰਾਂ ਅਤੇ ਕਿਸਾਨ ਜਿਹੜੇ ਅੰਗਹੀਣ ਹਨ , ਉਨਾਂ ਨੂੰ ਮਿਲਣ ਵਾਲੇ ਇਕਮੁਸ਼ਤ ਮੁਆਵਜੇ ਨੂੰ 30 ਹਜਾਰ ਤੋਂ ਵਧਾ ਕੇ ਇੱਕ ਲੱਖ ਰੁਪਏ ਤੱਕ ਕੀਤਾ ਜਾਵੇਗਾ।
ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਪਾਹਿਜ ਵਿਅਕਤੀਆਂ ਲਈ 24 ਘੰਟੇ ਮੁਫਤ ਹੈਲਪਲਾਇਨ ਸ਼ੁਰੂ ਕੀਤੀ ਜਾਵੇਗਾ ਅਤੇ ਸੁਵਿਧਾ ਸੈਂਟਰਾਂ, ਬੱਸ ਸਟੈਂਡਾਂ ਅਤੇ ਹਸਪਤਾਲਾਂ ਵਿੱਚ ਵਿਸ਼ੇਸ਼ ਜਗ੍ਹਾ ਸਥਾਪਿਤ ਕੀਤੀ ਜਾਵੇਗੀ, ਤਾਂ ਜੋ ਉਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਅਪਾਹਿਜ ਵਿਅਕਤੀ ਦਾ ਹੱਕ ਐਕਟ, 2016 ਜੋ ਕਿ ਭਾਰਤ ਸਰਕਾਰ ਵੱਲੋਂ ਪਾਸ ਕੀਤਾ ਗਿਆ ਹੈ, ਉਸ ਨੂੰ ਆਮ ਆਦਮੀ ਪਾਰਟੀ ਵੱਲੋਂ ਅਸਲੀਅਤ ਵਿੱਚ ਸੱਚੀ ਭਾਵਨਾ ਨਾਲ ਲਾਗੂ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਹੁਣ ਢੁਕਵਾਂ ਸਮਾਂ ਆ ਗਿਆ ਹੈ ਜਦੋਂ ਲੋਕਾਂ ਨੂੰ ਕਾਂਗਰਸ ਅਤੇ ਅਕਾਲੀਆਂ ਦੇ ਦੋਸਤਾਨਾਂ ਮੈਚਾਂ ਦਾ ਅੰਤ ਕਰਨਾ ਚਾਹੀਦਾ ਹੈ, ਜਿਨਾਂ ਨੇ ਕਿ ਪੰਜਾਬ ਨੂੰ ਲੁੱਟਣ ਲਈ ਪੰਜ-ਪੰਜ ਸਾਲ ਦੀਆਂ ਵਾਰੀਆਂ ਬੰਨੀਆਂ ਹੋਈਆਂ ਹਨ। ਉਨਾਂ ਕਿਹਾ ਕਿ ਹੁਣ ਬਹੁਤ ਹੋ ਚੁਕਿਆ ਹੈ, ਹੁਣ ਲੋਕਾਂ ਨੂੰ ਚਾਹੀਦਾ ਹੈ ਕਿ ਦੋਵੇਂ ਪਾਰਟੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ। ਉਨਾਂ ਕਿਹਾ ਕਿ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ ਅਤੇ ਲੋਕਾਂ ਵੱਲੋਂ ਪਾਰਟੀ ਨੂੰ ਭਰਵਾਂ ਹੁੰਗਾਰਾ ਅਤੇ ਸਮਰਥਨ ਦਿੱਤਾ ਜਾ ਰਿਹਾ ਹੈ।
ਕੇਜਰੀਵਾਲ ਨੇ ਕਿਹਾ ਕਿ ਉਨਾਂ ਦੀ ਜਾਣਕਾਰੀ ਵਿੱਚ ਆਇਆ ਹੈ ਇਕ ਕੌਮਾਂਤਰੀ ਡਰੱਗ ਮਾਫੀਆ ਪੰਜਾਬ ਵਿੱਚ ਸਰਗਰਮ ਹੈ ਅਤੇ ਬਿਕਰਮ ਸਿੰਘ ਮਜੀਠੀਆ ਇਸ ਮਾਫੀਆ ਦੇ ਏਜੰਟ ਬਣ ਕੇ ਆਪਣੇ ਨੈਟਵਰਕ ਰਾਹੀਆਂ ਹਰ ਪਿੰਡ ਵਿੱਚ ਨਸ਼ਾ ਫੈਲਾ ਰਹੇ ਹਨ। ਉਨਾਂ ਕਿਹਾ ਕਿ 11 ਮਾਰਚ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ, 20 ਮਾਰਚ ਨੂੰ ਸਰਕਾਰ ਦਾ ਗਠਨ ਹੋਵੇਗਾ ਅਤੇ 15 ਅਪ੍ਰੈਲ ਤੱਕ ਮਜੀਠੀਆ ਨੂੰ ਜੇਲ ਵਿੱਚ ਸੁੱਟਿਆ ਜਾਵੇਗਾ। ਇਸਦੇ ਨਾਲ ਹੀ ਉਨਾਂ ਨੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ, ਨੌਜਵਾਨਾਂ ਨੂੰ ਨਸ਼-ਮੁਕਤ ਕਰਨਾ, ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੇ ਢਾਂਚੇ ਨੂੰ ਬਿਹਤਰ ਕਰਨਾ ਆਮ ਆਦਮੀ ਪਾਰਟੀ ਦੀ ਪ੍ਰਾਥਮਿਕਤਾ ਰਹੇਗੀ।