ਚੰਡੀਗੜ੍ਹ, 18 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਤੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਤਾਂਤਰਿਕ ਵਾਤਾਵਰਨ 'ਚ ਚੋਣ ਲੜਨ ਲਈ, ਨਾਮਜ਼ਦਗੀ ਤੈਅ ਹੋਣ 'ਤੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਬੈਂਕਾਂ ਤੇ ਏ.ਟੀ.ਐਮਾਂ ਤੋਂ ਪੈਸੇ ਨਿਕਲਵਾਉਣ 'ਤੇ ਛੋਟ ਦੇਣ ਦੀ ਮੰਗ ਕਰਦਿਆਂ, ਰਿਜਰਵ ਬੈਂਕ ਆਫ ਇੰਡੀਆ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।
ਇਸ ਲੜੀ ਹੇਠ ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੂੰ ਲਿੱਖੀ ਇਕ ਚਿੱਠੀ 'ਚ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸਮੇਂ ਦੀ ਘਾਟ ਕਾਰਨ ਚੋਣ ਕਮਿਸ਼ਨ ਵੱਲੋਂ ਮਾਮਲੇ 'ਤੇ ਤੁਰੰਤ ਧਿਆਨ ਦੇਣ ਅਤੇ ਨਿਰਪੱਖ ਚੋਣ ਪ੍ਰੀਕ੍ਰਿਆ ਪੁਖਤਾ ਕਰਨ ਲਈ ਆਰ.ਬੀ.ਆਈ ਨੂੰ ਨਿਰਦੇਸ਼ ਦੇਣ ਦੀ ਲੋੜ ਹੈ।
ਚਿੱਠੀ 'ਚ ਉਨ੍ਹਾਂ ਨੇ ਲਿੱਖਿਆ ਹੈ ਕਿ ਆਰ.ਬੀ.ਆਈ ਦੇ ਮੌਜ਼ੂਦਾ ਨਿਯਮਾਂ ਹੇਠ ਬਚੱਤ ਖਾਤੇ ਤੋਂ ਹਫਤੇ 'ਚ ਸਿਰਫ 24000 ਰੁਪਏ ਤੇ ਚਾਲੂ ਖਾਤੇ ਤੋਂ 1 ਲੱਖ ਰੁਪਏ ਕੱਢਵਾਉਣ ਦੀ ਇਜ਼ਾਜਤ ਹੈ। ਅਜਿਹੇ 'ਚ ਉਮੀਦਵਾਰਾਂ ਲਈ 21 ਜਨਵਰੀ, 2017 (ਜਦੋਂ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ ਉਮੀਦਵਾਰਾਂ ਦੀ ਫਾਈਨਲ ਲਿਸਟ ਐਲਾਨੀ ਜਾਵੇਗੀ) ਤੋਂ ਲੈ ਕੇ 2 ਫਰਵਰੀ, 2017 (ਚੋਣ ਪ੍ਰਚਾਰ ਦੀ ਅੰਤਿਮ ਤਰੀਖ ਤੱਕ) ਤੱਕ ਹਫਤਿਆਂ ਦੇ ਸਮੇਂ 'ਚ ਆਪਣੇ ਖਰਚਿਆਂ ਨੂੰ ਅਦਾ ਕਰਨਾ ਮੁਮਕਿਨ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਹਰੇਕ ਵਿਧਾਨ ਸਭਾ ਹਲਕੇ 'ਚ ਨਾਮਜ਼ਦ ਉਮੀਦਵਾਰਾਂ ਨੇ ਚੋਣ ਕਮਿਸ਼ਨ ਵੱਲੋਂ ਤੈਅ ਸੀਮਾ ਦੇ ਅਧਾਰ 'ਤੇ ਆਪਣੇ ਆਪਣੇ ਪ੍ਰਚਾਰ ਲਈ ਖਰਚਾ ਕਰਨਾ ਹੈ ਅਤੇ ਅਜਿਹੇ 'ਚ ਉਨ੍ਹਾਂ ਵਾਸਤੇ ਕਾਨੂੰਨੀ ਤੌਰ 'ਤੇ ਖਰਚਾ ਕਰਨਾ ਤੇ ਪੂਰੀ ਤਰ੍ਹਾਂ ਹਿਸਾਬ ਰੱਖਣਾ ਜ਼ਰੂਰੀ ਹੈ। ਹਾਲਾਂਕਿ, ਆਰ.ਬੀ.ਆਈ ਦੀਆਂ ਸੀਮਾਵਾਂ ਕਾਰਨ ਉਮੀਦਵਾਰ ਆਪਣੇ ਸਬੰਧਤ ਖਾਤਿਆਂ ਲਈ ਤੈਅ ਸੀਮਾਵਾਂ ਦੇ ਅਧਾਰ 'ਤੇ ਖਰਚਾ ਨਹੀਂ ਕਰ ਪਾਉਣਗੇ।
ਜਿਸ 'ਤੇ, ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਆਰ.ਬੀ.ਆਈ ਨੂੰ ਨਿਰਦੇਸ਼ ਦਿੰਦਿਆਂ ਤੈਅ ਨਾਮਜ਼ਦ ਉਮੀਦਵਾਰਾਂ ਨੂੰ ਛੋਟ ਦਿੰਦਿਆਂ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਤੈਅ ਸੀਮਾਵਾਂ 'ਚ ਖਰਚਾ ਕਰਨ ਲਈ ਆਪਣੇ ਖਾਤਿਆਂ ਤੋਂ ਲੋੜੀਂਦੀ ਰਕਮ ਕੱਢਵਾ ਸਕਣ।