ਲੁਧਿਆਣਾ, 19 ਜਨਵਰੀ, 2017 : ਆਤਮ ਨਗਰ ਹਲਕੇ ਤੋਂ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਭੈਣੀ ਸਾਹਿਬ 'ਚ ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕੁਰ ਉਦੈ ਸਿੰਘ ਤੋਂ ਆਸ਼ੀਰਵਾਦ ਲੈਣ ਪੁੱਜੇ। ਉਨ੍ਹਾਂ ਦੀ ਖੁਸ਼ੀ ਉਸ ਸਮੇਂ ਹੋਰ ਵੱਧ ਗਈ, ਜਦੋਂ ਠਾਕੁਰ ਉਦੈ ਸਿੰਘ ਨੇ ਉਨ੍ਹਾਂ ਨੂੰ ਜਿੱਤ ਦਾ ਆਸ਼ੀਰਵਾਦ ਦੇ ਦਿੱਤਾ ਤੇ ਉਨ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਸਮੇਂ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਠਾਕੁਰ ਉਦੈ ਸਿੰਘ ਦਾ ਆਸ਼ੀਰਵਾਦ ਉਨ੍ਹਾਂ ਨੂੰ ਚੋਣ ਦੰਗਲ 'ਚ ਸਫ਼ਲ ਬਣਾਏਗਾ।
ਭੈਣੀ ਸਾਹਿਬ 'ਚ ਠਾਕੁਰ ਉਦੈ ਸਿੰਘ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਕੜਵਲ ਨੇ ਆਪਣੀ ਜਿੱਤ ਨੂੰ ਪੱਕਾ ਕਰਦੇ ਹੋਏ ਕਿਹਾ ਕਿ ਇਸ ਵਾਰ ਆਤਮ ਨਗਰ ਦੀ ਜਨਤਾ ਮੌਜੂਦਾ ਵਿਧਾਇਕ ਤੋਂ ਕਾਫ਼ੀ ਖਫ਼ਾ ਹੈ, ਇਸਦੀ ਉਦਾਹਰਨ ਸਾਫ਼ ਨਜ਼ਰ ਆ ਰਹੀ ਹੈ, ਜਦੋਂ ਕਿ ਮੌਜੂਦਾ ਵਿਧਾਇਕ ਲੋਕਾਂ ਨੂੰ ਮਿਲਣ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾ ਕੇ ਵਾਪਸ ਭੇਜ ਦਿੰਦੇ ਹਨ। ਇਸ ਵਾਰੀ ਉਹ ਵਿਕਾਸ ਦੇ ਮੁੱਦੇ 'ਤੇ ਚੋਣ ਲੜ ਰਹੇ ਹਨ, ਉਹ ਆਪਣੇ ਵਾਅਦੇ ਪੂਰੇ ਕਰਨਗੇ ਅਤੇ ਜਨਤਾ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ। ਜਨਤਾ ਉਨ੍ਹਾਂ 'ਤੇ ਭਰੋਸਾ ਕਰ ਰਹੀ ਹੈ, ਉਹ ਇਸ ਭਰੋਸੇ ਨੂੰ ਕਦੇ ਟੁੱਟਣ ਨਹੀਂ ਦੇਣਗੇ। ਕੜਵਲ ਨੇ ਅਬਦੁਲਾਪੁਰ ਬਸਤੀ, ਫੌਜੀ ਮੁਹੱਲਾ, ਗਿੱਲ ਰੋਡ, ਦਸਮੇਸ਼ ਨਗਰ ਸਮੇਤ ਕਈ ਇਲਾਕਿਆਂ 'ਚ ਲੋਕਾਂ ਨਾਲ ਡੋਰ-ਟੂ-ਡੋਰ ਵੀ ਕੀਤਾ ਤੇ ਚੋਣ ਮੀਟਿੰਗਾਂ ਵੀ ਕੀਤੀਆਂ।