ਫਾਈਲ ਫੋਟੋ
ਚੰਡੀਗੜ੍ਹ, 19 ਜਨਵਰੀ, 2017 : ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਡਰੱਗਜ਼ ਦਾ ਮੁੱਦਾ ਉੱਭਰ ਆਇਆ ਹੈ। ਚੋਣਾਂ ਤੋਂ ਐਨ ਪਹਿਲਾਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇਣ ਦੇ ਮਸਲੇ ‘ਤੇ ਅਕਾਲੀ ਦਲ-ਬੀਜੇਪੀ ਤਾਂ ਚੁੱਪ ਹੈ ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਜੰਗ ਛਿੜ ਗਈ ਹੈ।
ਮਜੀਠੀਆ ਨੂੰ ਕਲੀਨ ਚਿੱਟ ਬਾਰੇ ਮੀਡੀਆ ਰਿਪੋਰਟ ਤੋਂ ਬਾਅਦ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਨੇ ਇਸ ਦੀ ਉੱਚ ਪੱਧਰੀ ਜਾਂਚ ਮੰਗੀ ਸੀ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਐਸ.ਆਈ.ਟੀ. ਬਣਾ ਕੇ ਇਸ ਕੇਸ ਦੀ ਮੁੜ ਜਾਂਚ ਕੀਤੀ ਜਾਏਗੀ।
ਇਸ ਮਗਰੋਂ ‘ਆਪ’ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਦੇ ਵਾਅਦੇ ਨੂੰ ਹਾਸੋਹੀਣਾ ਦੱਸਿਆ ਹੈ। ਉਨ੍ਹਾਂ ਕੈਪਟਨ ਨੂੰ ਸਵਾਲ ਕੀਤਾ ਕਿ ਆਪਣੇ ਭਤੀਜੇ ਮਜੀਠੀਆ ਨੂੰ ਸੀ.ਬੀ.ਆਈ. ਜਾਂਚ ਤੋਂ ਪਹਿਲਾਂ ਕਿਉਂ ਬਚਾਇਆ ਸੀ। ਮਾਨ ਨੇ ਕਿਹਾ, “ਕੈਪਟਨ ਨੇ ਮਜੀਠੀਆ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਦੀ ਮੁੜ ਤੋਂ ਜਾਂਚ ਕਰਵਾਏ ਜਾਣ ਦਾ ਵਾਅਦਾ ਕੀਤਾ ਹੈ। ਇਹ ਕੁਝ ਵੀ ਨਹੀਂ ਹੈ, ਬਲਿਕ ਪੰਜਾਬੀਆਂ ਲਈ ਹਾਸੇ ਵਾਲੀ ਗੱਲ ਹੈ, ਜੋ ਚੰਗੀ ਤਰਾਂ ਜਾਣਦੇ ਹਨ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੀ ਸੀ, ਜਿਸ ਨੇ ਹਾਲ ਹੀ ਵਿੱਚ ਆਪਣੇ ਭਤੀਜੇ ਨੂੰ ਸੀ.ਬੀ.ਆਈ. ਜਾਂਚ ਤੋਂ ਬਚਾਇਆ ਸੀ।”
ਉਨ੍ਹਾਂ ਕਿਹਾ ਕਿ ਕੈਪਟਨ ਨੇ ਬਹੁ-ਕਰੋੜੀ ਡਰੱਗ ਰੈਕਟ ਵਿੱਚ ਮਜੀਠੀਆ ਦੀ ਸ਼ਮੂਲੀਅਤ ਬਾਰੇ ਸੀਬੀਆਈ ਜਾਂਚ ਦੀ ਆਪਣੀ ਹੀ ਪਾਰਟੀ ਦੀ ਮੰਗ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਕੈਪਟਨ ਨੇ ਪੰਜਾਬ ਪੁਲਿਸ ਦੀ ਜਾਂਚ ਵਿੱਚ ਭਰੋਸਾ ਜਤਾਉਂਦਿਆਂ ਮਜੀਠੀਆ ਦੀ ਸੀਬੀਆਈ ਜਾਂਚ ਦਾ ਵਿਰੋਧ ਕੀਤਾ ਸੀ।