ਚੰਡੀਗੜ੍ਹ, 20 ਜਨਵਰੀ, 2017 : ਨਵੇਂ-ਨਵੇਂ ਕਾਂਗਰਸੀ ਬਣੇ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਨੂੰ ਲੁੱਟ ਕੇ ਖਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ, ਹੋਟਲ, ਕੇਬਲ, ਮੀਡੀਆ, ਰੇਤਾ ਬਜਰੀ, ਸ਼ਰਾਬ ਦੇ ਠੇਕੇ ਸਭ ‘ਤੇ ਬਾਦਲ ਪਰਿਵਾਰ ਜਾਂ ਫਿਰ ਉਨ੍ਹਾਂ ਦੇ ਚਹੇਤਿਆਂ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ 10 ਸਾਲਾਂ ਵਿੱਚ ਭ੍ਰਿਸ਼ਟਾਚਾਰ ਸਿਖਰ ‘ਤੇ ਪਹੁੰਚ ਗਿਆ ਹੈ। ਕਿਸਾਨਾਂ ਨੂੰ ਭਿਖਾਰੀ ਬਣਾ ਦਿੱਤਾ ਗਿਆ ਹੈ। ਵਿਕਾਸ ਸਿਰਫ ਅਖਬਾਰਾਂ ਵਿੱਚ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਟਰਾਂਸਪੋਰਟ 400 ਕਰੋੜ ਦੇ ਘਾਟੇ ਵਿੱਚ ਚੱਲ ਰਹੀ ਹੈ ਤੇ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਬਾਦਲ ਪਰਿਵਾਰ ਦੀਆਂ ਅੱਠ ਟਰਾਂਸਪੋਰਟ ਕੰਪਨੀਆਂ ਹਨ ਤੇ 650 ਬੱਸਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੱਸਾਂ ਦੇ ਅਹਿਮ ਟਾਈਮ ਬਾਦਲਾਂ ਦੀਆਂ ਬੱਸਾਂ ਨੂੰ ਹੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕਿਆਂ ਵਿੱਚ ਵੀ ਸਰਕਾਰ ਨੂੰ ਰਗੜਾ ਲਾ ਕੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੂਜੇ ਸੂਬਿਆਂ ਨਾਲੋਂ ਠੇਕੇ ਜ਼ਿਆਦਾ ਹਨ ਪਰ ਆਮਦਨ ਕਿਤੇ ਘੱਟ ਹੈ। ਉਨ੍ਹਾਂ ਨੇ ਤਾਮਿਲਨਾਡੂ ਦੀ ਮਿਸਾਲ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਰੇਤਾ-ਬਜਰੀ ਦੇ ਠੇਕਿਆਂ ਵਿੱਚ ਵੀ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ।
ਜ਼ਿਕਰਯੋਗ ਹੈ ਕਿ 15 ਜਨਵਰੀ ਨੂੰ ਰਾਹੁਲ ਗਾਂਧੀ ਦੀ ਹਾਜ਼ਰੀ ‘ਚ ਕਾਂਗਰਸ ਦਾ ਹਿੱਸਾ ਬਣਨ ਮਗਰੋਂ ਨਵਜੋਤ ਸਿੱਧੂ ਨੇ 16 ਜਨਵਰੀ ਨੂੰ ਪਹਿਲੀ ਕਾਨਫਰੰਸ ‘ਚ ਬਾਦਲ ਪਰਿਵਾਰ ‘ਤੇ ਕਈ ਹਮਲੇ ਬੋਲੇ ਸਨ। ਉਨ੍ਹਾਂ ਆਪਣੇ ਅੰਦਾਜ਼ ਵਿੱਚ ਆਖਿਆ ਸੀ ਕਿ ਭੱਜ ਬਾਬਾ ਬਾਦਲ ਭੱਜ, ਲੜਾਈ ਆਰ-ਪਾਰ ਦੀ ਹੈ। ਉਹਨਾਂ ਆਖਿਆ ਜਿਸ ਸਮੇਂ ਪੰਜਾਬ ਦੁਖੀ ਅਤੇ ਕੁਰਲਾ ਰਿਹਾ ਸੀ ਉਸ ਸਮੇਂ ਬਾਦਲ ਪਰਿਵਾਰ ਸੁੱਖ ਵਿਲਾ ਉਸਾਰ ਰਹੇ ਸਨ। ਕਿਹਾ ਸੀ ਕਿ ਅਕਾਲੀ ਦਲ ਸਾਫ਼ ਸੁਥਰਾ ਸੀ, ਪਰ ਹੁਣ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਗਿਆ ਹੈ। ਇੱਥੇ ਨਵਜੋਤ ਸਿੱਧੂ ਨੇ ਸਾਫ ਕਿਹਾ ਸੀ ਕਿ ਉਹ ਬਾਦਲ ਪਰਿਵਾਰ ਦੇ ਗੋਰਖਧੰਦੇ ਤੋ ਵੱਡਾ ਖੁਲਾਸਾ ਕਰਨਗੇ। ਉਨ੍ਹਾਂ ਤਾਰੀਕ ਦਾ ਐਲਾਨ ਵੀ ਉਸੇ ਦਿਨ ਕਰ ਦਿੱਤਾ ਸੀ ਕਿ 20 ਜਨਵਰੀ ਨੂੰ ਬਾਦਲ ਪਰਿਵਾਰ ਬਾਰੇ ਵੱਡੇ ਭੇਤ ਖੋਲ੍ਹਣਗੇ।
abp sanjha ਤੋਂ ਧੰਨਵਾਦ ਸਾਹਿਤ