ਚੰਡੀਗੜ੍ਹ, 20 ਜਨਵਰੀ, 2017 : ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕਰ ਰਿਹਾ ਹੈ, ਇਹ ਸਾਰੇ ਵਾਅਦੇ ਉਸ ਨੇ ਦਿੱਲੀ ਦੇ ਲੋਕਾਂ ਨਾਲ ਵੀ ਕੀਤੇ ਸਨ। ਪਰ ਢਾਈ ਸਾਲ ਲੰਘਣ ਤੋਂ ਬਾਅਦ ਵੀ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਇਹ ਸ਼ਬਦ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਕੇਜਰੀਵਾਲ ਵੱਲੋਂ ਜਲਾਲਾਬਾਦ ਵਿਖੇ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ ਪੈਨਸ਼ਨਾਂ ਦੇਣ ਬਾਰੇ ਦਿੱਤੇ ਬਿਆਨ ਉੱਤੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਦਲਿਤਾਂ, ਬਜ਼ੁਰਗਾਂ, ਵਪਾਰੀਆਂ, ਅੰਗਹੀਣਾਂ ਆਦਿ ਹਰ ਵਰਗ ਨੂੰ ਭਰਮਾਉਣ ਲਈ ਵੱਡੇ ਵੱਡੇ ਵਾਅਦੇ ਕਰ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਦੇ ਭਾਅ ਦੁੱਗਣੇ ਕਰਨ ਦਾ ਵਾਅਦਾ ਕਰ ਰਿਹਾ ਹੈ ਜਦਕਿ ਫਸਲਾਂ ਦੇ ਭਾਅ ਵਧਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ ਨਹੀਂ, ਸਗੋਂ ਕੇਂਦਰ ਸਰਕਾਰ ਕੋਲ ਹੁੰਦਾ ਹੈ। ਉਹ ਪੰਜਾਬ ਦੇ ਨੌਜਵਾਨਾਂ ਨੂੰ 25 ਲੱਖ ਨੌਕਰੀਆਂ ਦੇਣ ਦੀ ਗੱਲ ਕਰ ਰਿਹਾ ਹੈ ਜਦਕਿ ਦਿੱਲੀ ਵਿਚ ਉਸ ਨੇ ਢਾਈ ਸਾਲਾਂ ਵਿਚ ਲੋਕਾਂ ਨੂੰ 25000 ਨੌਕਰੀਆਂ ਵੀ ਨਹੀਂ ਦਿੱਤੀਆਂ। ਉਹ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਹਿ ਰਿਹਾ ਹੈ, ਇਸ ਦੇ ਉਲਟ ਦਿੱਲੀ ਵਿਚ ਕਿਸੇ ਵੀ ਦਲਿਤ ਨੂੰ ਮੰਤਰੀ ਤੱਕ ਨਹੀਂ ਬਣਾਇਆ।
ਸ਼ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਵੀ ਵਾਅਦੇ ਕੀਤੇ ਸਨ ਕਿ ਬਿਜਲੀ ਦੇ ਬਿਲ ਘੱਟ ਆਉਣਗੇ, ਨਵੇਂ ਸਕੂਲ ਖੋਲ੍ਹੇ ਜਾਣਗੇ, ਵਾਈ-ਫਾਈ ਮੁਫਤ ਕੀਤਾ ਜਾਵੇਗਾ, ਬੱਸਾਂ ਵਿਚ ਔਰਤਾਂ ਦੀ ਮੱਦਦ ਲਈ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਪਰ ਅਜੇ ਤੀਕ ਇਹਨਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਹੁਣ ਇਹੀ ਖੇਡ ਉਹ ਪੰਜਾਬ ਦੇ ਲੋਕਾਂ ਨਾਲ ਖੇਡਣ ਲੱਗਿਆ ਹੈ। ਪਰ ਪੰਜਾਬ ਦੇ ਲੋਕ ਦਿੱਲੀ ਵਾਸੀਆਂ ਦਾ ਹਾਲ ਵੇਖ ਚੁੱਕੇ ਹਨ, ਇਸ ਲਈ ਉਹ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਦੀ ਸੱਚਾਈ ਜਾਣਦੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੇ ਗੈਰ ਪੰਜਾਬੀ ਲੋਕਾਂ ਦਾ ਟੋਲਾ ਹੈ, ਜਿਹੜਾ ਸਿਰਫ ਸੱਤਾ ਉੱਤੇ ਕਬਜ਼ਾ ਕਰਨ ਲਈ ਪੰਜਾਬ ਅੰਦਰ ਦਾਖਲ ਹੋਇਆ ਹੈ। ਇਹਨਾਂ ਦਾ ਮਕਸਦ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਜਾਂ ਲੋਕਾਂ ਨੂੰ ਸਹੂਲਤਾਂ ਦੇਣਾ, ਨਹੀਂ ਸਗੋਂ ਪੰਜਾਬ ਵਿਚ ਦਿੱਲੀ ਸਰਕਾਰ ਦੀ ਦੂਜੀ ਬਰਾਂਚ ਖੋਲ੍ਹ ਕੇ ਪੰਜਾਬੀਆਂ ਨੂੰ ਲੁੱਟਣਾ ਅਤੇ ਕੁੱਟਣਾ ਹੈ। ਕੇਜਰੀਵਾਲ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ਉੱਤੇ ਹੈ, ਇਸ ਲਈ ਉਸ ਨੇ ਆਪ ਦੇ ਸਿੱਖ ਅਤੇ ਪੰਜਾਬੀ ਆਗੂਆਂ ਨੂੰ ਸਿਆਸੀ ਦਿੱਗਜਾਂ ਦੇ ਵਿਰੁੱਧ ਖੜ੍ਹੇ ਕਰਕੇ ਬਲੀ ਦੇ ਬੱਕਰੇ ਬਣਾ ਦਿੱਤਾ ਹੈ।
ਸ਼ ਸਿਰਸਾ ਨੇ ਕਿਹਾ ਕਿ ਆਪ ਦੀ ਸਰਕਾਰ ਬਣਨ ਨਾਲ ਪੰਜਾਬ ਦੁਬਾਰਾ ਤੋਂ ਕਾਲੇ ਦੌਰ ਵਿਚ ਜਾ ਸਕਦਾ ਹੈ। ਇਹ ਗੱਲ ਸਾਫ ਹੋ ਚੁੱਕੀ ਹੈ ਕਿ ਆਪ ਨੇ ਹੀ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਦੀ ਸਾਜ਼ਿਸ਼ ਘੜੀ ਸੀ। ਇਸ ਪਾਰਟੀ ਦੇ ਆਗੂ ਗਰਮ ਖਿਆਲੀਆਂ ਨਾਲ ਮਿਲ ਕੇ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ,ਪਰ ਪੰਜਾਬ ਦੇ ਲੋਕਾਂ ਇਹਨਾਂ ਦੀ ਅਸਲੀਅਤ ਨੂੰ ਪਹਿਚਾਣ ਚੁੱਕੇ ਹਨ ਅਤੇ ਉਹ ਆਪ ਆਗੂਆਂ ਦੇ ਨਾਪਾਕ ਇਰਾਦਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।