ਚੰਡੀਗੜ੍ਹ, 20 ਜਨਵਰੀ, 2017 : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਵਾਰ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਜਿੱਤ ਦਰਜ ਕਰਕੇ ਹੈਟ੍ਰਿਕ ਲਗਾਉਣ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇ ਪੰਜਾਬ ਵਿਚ ਵਿਕਾਸ ਦੇ ਕੰਮ ਕੀਤੇ ਹਨ ਤੇ ਇਹ ਲੋਕਾਂ ਦੀ ਲੜਾਈ ਹੈ । ਉਹਨਾਂ ਕਿਹਾ ਹੈ ਕਿ ਨੋਟਬੰਦੀ ਪੰਜਾਬ ਵਿਚ ਕੋਈ ਮੁੱਦਾ ਨਹੀਂ ਹੈ।
ਇਕ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਚੁੱਕੇ ਗਏ ਨਸ਼ਿਆਂ ਦੇ ਮੁੱਦੇ ਵਿਚ ਕੋਈ ਸੱਚਾਈ ਨਹੀਂ ਹੈ, ਤੇ ਉਹ ਬਿਨਾਂ ਕਾਰਨ ਇਹ ਆਰੋਪ ਲਗਾ ਰਹੇ ਹਨ। ਮੁੱਖ ਮੰਤਰੀ ਨੇ ਦੁਹਰਾਇਆ ਕਿ ਕੇਜਰੀਵਾਲ ਦੀ ਗੱਲ ਨੂੰ ਪੰਜਾਬ ਵਿਚ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ । ਹਾਲਾਂਕਿ ਮੁੱਖ ਮੰਤਰੀ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਕਾਂਗਰਸ ਤੇ ਅਕਾਲੀ ਦਲ ਮਿਲ ਕੇ ਚੋਣ ਲੜ ਰਿਹਾ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ, ਆਪ ਦੇ ਇਹਨਾਂ ਬਿਆਨਾਂ ਵਿਚ ਸੱਚਾਈ ਨਹੀਂ ਹੈ, ਕਿਉਂਕਿ ਜੇਕਰ ਇਹੀ ਕੁਝ ਹੁੰਦਾ ਤਾਂ ਉਹ ਇਕ ਦੂਜੇ ਦੇ ਖਿਲਾਫ ਚੋਣ ਨਾਂ ਲੜ ਰਹੇ ਹੁੰਦੇ।
ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਚਲੇ ਜਾਣ ਦੇ ਸਵਾਲ ਤੇ ਕਿਹਾ ਕਿ ਸਿੱਧੂ ਦੇ ਜਾਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ । ਉਹਨਾਂ ਕਿਹਾ ਕਿ ਇਹ ਲੋਕ ਡਰਾਮੇਬਾਜ਼ ਹਨ, ਤੇ ਇਹ ਇੱਥੇ ਰਾਜਨੀਤੀ ਕਰਨ ਨਹੀਂ ਬਲਕਿ ਸੌਦੇਬਾਜ਼ੀ ਕਰਨ ਆਏ ਹਨ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਟਿੱਪਣੀ ਕੀਤੀ ਕਿ ਸਿੱਧੂ ਵਰਗੇ ਲੋਕਾਂ ਨੂੰ ਕਦੇ ਆਮ ਆਦਮੀ ਪਾਰਟੀ ਤੇ ਕਦੇ ਕਾਂਗਰਸ ਦੋਹਾਂ ‘ਚੋਂ ਜਿਸ ਨਾਲ ਸੌਦੇਬਾਜ਼ੀ ‘ਚ ਫਾਇਦਾ ਮਿਲਦਾ ਹੈ ਉਸੇ ‘ਚ ਉਹ ਸ਼ਾਮਲ ਹੋ ਜਾਂਦੇ ਹਨ।