ਚੰਡੀਗੜ੍ਹ, 21 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਅਬੋਹਰ ਦੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਵੱਲੋਂ ਨਾਮਜਦਗੀ ਦਾਖਲ ਕਰਨ ਅਤੇ ਭਾਜਪਾ ਉਮੀਦਵਾਰ ਦੇ ਸਮਰਥਨ ਵਿੱਚ ਨਾਮਜਦਗੀ ਵਾਪਿਸ ਲੈਣ ਨੂੰ ਸਿਰਫ ਅਕਾਲੀਆਂ ਦਾ ਡਰਾਮਾ ਕਿਹਾ ਹੈ। ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਭਾਜਪਾ ਦੇ ਵੀ ਸ਼ਰਾਬ ਮਾਫੀਆ ਨਾਲ ਹੱਥ ਮਿਲੇ ਹੋਏ ਹਨ।
ਮਾਨ ਨੇ ਕਿਹਾ ਕਿ ਦਲਿਤ ਭੀਮ ਟਾਂਕ ਦੇ ਹੱਤਿਆਰੇ ਤੋਂ ਸਮਰਥਨ ਲੈਣ ਨਾਲ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਉਨਾਂ ਕਿਹਾ ਕਿ ਹੁਣ ਭਗਵਾਂ ਪਾਰਟੀ ਨੂੰ ਸ਼ਰਾਬ ਮਾਫੀਆ ਨੂੰ ਸਮਰਥਨ ਦੇਣ ਸਬੰਧੀ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
ਹਾਲਾਂਕਿ ਭਾਜਪਾ ਨੇ ਆਰਐਸਐਸ ਬੁਲਾਰੇ ਮਨਮੋਹਨ ਵੈਦਯਾ ਦੇ ਉਸ ਬਿਆਨ ਉਤੇ ਵੀ ਸਪਸ਼ਟੀਕਰਨ ਦੇਣਾ ਹੈ, ਜਿਸ ਵਿੱਚ ਉਨਾਂ ਨੇ ਦੇਸ਼ ਵਿੱਚੋਂ ਰਾਖਵਾਂਕਰਨ ਖਤਮ ਕੀਤੇ ਜਾਣ ਦੀ ਮੰਗ ਕੀਤੀ ਸੀ। ਮਾਨ ਨੇ ਕਿਹਾ ਕਿ ਹੁਣ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਿਹੜੇ ਮੂੰਹ ਨਾਲ ਦਲਿਤਾਂ ਤੋਂ ਵੋਟ ਅਤੇ ਸਮਰਥਨ ਮੰਗਿਆ ਜਾਵੇਗਾ।
ਉਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਅਤੇ ਭਾਜਪਾ ਨੂੰ ਆਪਣੀ ਹਾਰ ਸਾਫ ਵਿਖਾਈ ਦੇ ਰਹੀ ਹੈ ਅਤੇ ਉਨਾਂ ਵੱਲੋਂ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਸਮਰਥਨ ਨਾਲ ਸ਼ਰਾਬ ਮਾਫੀਆ ਨੂੰ ਬਚਾਉਣ ਦੀ ਆਖਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਥੇ ਇਹ ਖਾਸ ਵਰਣਨਯੋਗ ਹੈ ਕਿ ਭੀਮ ਟਾਂਕ ਕਤਲ ਕੇਸ ਵਿੱਚ ਸ਼ਿਵ ਲਾਲ ਡੋਡਾ ਮੁੱਖ ਦੋਸ਼ੀ ਹੈ। ਡੋਡਾ ਅਤੇ ਉਸਦੇ ਭਤੀਜੇ ਅਮਿਤ ਡੋਡਾ ਉਤੇ ਆਰੋਪ ਹੈ ਕਿ ਭੀਮ ਟਾਂਕ ਨੂੰ ਦੀ ਹੱਤਿਆ ਕਰਨ ਤੋਂ ਪਹਿਲਾਂ ਉਸਦੇ ਸ਼ਰੀਰ ਦੇ ਅੰਗਾਂ ਨੂੰ ਕੱਟ ਦਿੱਤਾ ਸੀ।
ਭੀਮ ਟਾਂਕ ਦਾ ਕਤਲ ਡੋਡਾ ਦੇ ਫਾਰਮ ਹਾਊਸ ਉਤੇ ਕੀਤਾ ਗਿਆ ਸੀ ਅਤੇ ਉਸਨੇ ਇੱਕ ਦਿਨ ਪਹਿਲਾਂ ਹੀ ਡੋਡਾ ਦੇ ਸ਼ਰਾਬ ਦੇ ਕਾਰੋਬਾਰ ਤੋਂ ਨੌਕਰੀ ਛੱਡੀ ਸੀ। ਉਸਦੇ ਸ਼ਰੀਰ ਦੇ ਅੰਗਾਂ ਨੂੰ ਕੱਟ ਦਿੱਤਾ ਗਿਆ ਸੀ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ ਸੀ। ਉਸਦੇ ਦੋਸਤ ਗੁਰਜੰਟ ਸਿੰਘ ਦਾ ਵੀ ਸੱਜਾ ਹੱਥ ਕੱਟ ਦਿੱਤਾ ਗਿਆ ਸੀ, ਪਰ ਉਸਦੀ ਜਾਨ ਬਚ ਗਈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਿੰਸਕ ਕਹਿਣ ਵਾਲੇ ਬਾਦਲ ਸਾਹਿਬ ਦੱਸਣ ਕਿ ਦਲਿਤਾਂ ਦੇ ਹੱਥ ਪੈਰ ਵੱਡਣ ਵਾਲੇ ਡੋਡਾ, ਬੇਰੋਜਗਾਰ ਧੀਆਂ ਭੈਣਾਂ ਨੂੰ ਕੁਟਣ ਅਤੇ ਚੂਨੀਆਂ ਲਾਹਉਣ ਵਾਲੇ ਮਲੂਕਾ ਅਤੇ ਵਿਧਾਨ ਸਭਾ ਵਿਚ ਖੁਦ ਨੂੰ ਅੱਤਵਾਦੀ ਦੱਸਣ ਵਾਲੇ ਵਿਰਸਾ ਸਿੰਘ ਵਲਟੋਹਾ ਕਿਹੜੀ ਸ਼ਾਂਤੀ ਦੇ ਪ੍ਰਤੀਕ ਹਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪ ਆਗੂਆਂ ਨੂੰ ਧਮਕੀਆਂ ਦਿੱਤੇ ਜਾਣ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਉਨਾਂ ਨੂੰ ਆਪਣੀ ਹਾਰ ਸਾਫ ਨਜਰ ਆ ਰਹੀ ਹੈ, ਜਿਸ ਕਾਰਨ ਉਹ ਬੌਂਦਲ ਗਏ ਹਨ।
ਮਾਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਭੜਕਾਹਟ ਨਹੀਂ, ਸਗੋਂ ਅਕਾਲੀਆਂ ਖਿਲਾਫ ਲੋਕਾਂ ਦਾ ਗੁੱਸਾ ਹੈ ਅਤੇ ਸੁਖਬੀਰ ਬਾਦਲ ਉਤੇ ਪੱਥਰਬਾਜੀ ਅਤੇ ਉਸਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤਾ ਸੁੱਟਿਆ ਜਾਣਾ ਇਸੇ ਦਾ ਹੀ ਨਤੀਜਾ ਸੀ।