← ਪਿਛੇ ਪਰਤੋ
ਚੰਡੀਗੜ੍ਹ, 21 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਬਕਾ ਐਮ ਪੀ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਹ ਦਾਅਵਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਕਿ ਉਹਨਾਂ ਨੇ ਪੰਜਾਬ ਦੀ ਖਾਤਰ ਰਾਜ ਸਭਾ ਦੀ ਮੈਂਬਰੀ ਛੱਡੀ ਹੈ ਅਤੇ ਕਿਹਾ ਕਿ ਉਹ ਪੰਜਾਬੀਆਂ ਨੂੰ ਇਹ ਦੱਸਣ ਕਿ ਪਿਛਲੇ 15 ਸਾਲਾਂ ਵਿਚ ਉਹਨਾਂ ਨੇ ਰਾਜ ਵਿਚ ਕਿੰਨੇ ਦਿਨ ਬਿਤਾਏ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕੇਂਦਰੀ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਰਾਜ ਕੋਈ ਹਾਸੇਮਖੌਲ ਦੇ ਸ਼ੌਅ ਦਾ ਮੰਚ ਨਹੀਂ ਹੈ ਜਿਥੇ ਉਹ ਵੱਡੇ ਵੱਡੇ ਝੂਠੇ ਦਾਅਵੇ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਸ੍ਰੀ ਸਿੱਧੂ ਪੰਜਾਬ ਕਦੇ ਕਦਾਈਂ ਆਉਂਦੇ ਹਨ ਤੇ ਅਕਸਰ ਮੁੰਬਈ ਵਿਚ ਆਪਣੇ ਸ਼ੌਅ ਵਿਚ ਵਿਅਸਤ ਰਹਿੰਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਕੋਲ ਪੰਜਾਬ ਆਉਣ ਦਾ ਸਮਾਂ ਹੀ ਨਹੀਂ ਹੈ ਤਾਂ ਫਿਰ ਉਹ ਕਿਸ ਆਧਾਰ 'ਤੇ ਪੰਜਾਬ ਲਈ ਕੁਝ ਵੀ ਛੱਡਣ ਦੇ ਝੂਠੇ ਤੇ ਆਧਾਰਹੀਣ ਦਾਅਵੇ ਕਰ ਰਹੇ ਹਨ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਆਉਣ ਦੀ ਗੱਲ ਤਾਂ ਛੱਡੋ ਅੰਮ੍ਰਿਤਸਰ ਤੋਂ ਸਾਬਕਾ ਲੋਕ ਸਭਾ ਮੈਂਬਰ ਲੋਕਾਂ ਨੂੰ ਇਹ ਦੱਸਣ ਕਿ ਅੰਮ੍ਰਿਤਸਰ ਤੋਂ ਪਾਰਲੀਮੈਂਟ ਦਾ ਮੈਂਬਰ ਚੁਣੇ ਜਾਣ ਮਗਰੋਂ ਉਹਨਾਂ ਨੇ ਪੰਜਾਬ ਖਾਸ ਤੌਰ 'ਤੇ ਅੰਮ੍ਰਿਤਸਰ ਲਈ ਕੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਉਹ ਕਿਸੇ ਵੀ ਕੰਮ ਦੇ ਆਗੂ ਸਾਬਤ ਨਹੀਂ ਹੋਏ ਤੇ ਉਹਨਾਂ ਕੋਲ ਤਾਂ ਅੰਮ੍ਰਿਤਸਰ ਤੋਂ ਮੈਂਬਰ ਚੁਣੇ ਜਾਣ ਮਗਰੋਂ ਲੋਕਾਂ ਦਾ ਧੰਨਵਾਦ ਕਰਨ ਲਈ ਮੀਟਿੰਗਾਂ ਕਰਨ ਦਾ ਵੀ ਸਮਾਂ ਨਹੀਂ ਸੀ। ਅਕਾਲੀ ਆਗੂ ਨੇ ਕਿਹਾ ਕਿ ਉਹ ਪੰਜਾਬੀਆਂ ਨੂੰ ਅਜਾਈਂ ਨਾ ਸਮਝਣ ਕਿ ਉਹ ਇਹਨਾਂ ਨੂੰ ਮੂਰਖ ਬਣਾ ਸਕਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਝੂਠੇ ਦਾਅਵੇ ਪਹਿਲਾਂ ਹੀ ਲੋਕਾਂ ਸਾਹਮਣੇ ਉਜਾਗਰ ਹੋ ਗਏ ਹਨ ਤੇ ਮੌਜੂਦਾ ਚੋਣਾਂ ਵਿਚ ਉਹਨਾਂ ਅਤੇ ਉਹਨਾਂ ਦੀ ਨਵੀਂ ਲੱਭੀ 'ਮਾਂ ਪਾਰਟੀ' ਕਾਂਗਰਸ ਨੂੰ ਪੰਜਾਬੀਆਂ ਹੱਥੋਂ ਨਮੋਸ਼ੀ ਭਰੀ ਹਾਰ ਦਾ ਸੁਆਦ ਚੱਖਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।
Total Responses : 265