ਫਾਈਲ ਫੋਟੋ
ਝਬਾਲ/ਖਡੂਰ ਸਾਹਿਬ, 21 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਣ 'ਤੇ ਸਾਰੀ ਛੋਟੀ ਕਿਸਾਨੀ ਦਾ ਖੇਤੀ ਕਰਜ਼ਾ ਮਾਫ ਕਰੇਗੀ, ਕਣਕ-ਝੋਨੇ ਦੀ ਫਸਲ ਉੱਤੇ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇਵੇਗੀ ਅਤੇ ਸਾਰੇ ਕਿਸਾਨਾਂ 2 ਲੱਖ ਦਾ ਫਸਲੀ ਕਰਜਾ ਦੇਵੇਗੀ।
ਵਿਧਾਨ ਸਭਾ ਹਲਕਾ ਝਬਾਲ ਅਤੇ ਖਡੂਰ ਸਾਹਿਬ ਵਿਖੇ ਪਾਰਟੀ ਉਮੀਦਵਾਰਾਂ ਹਰਮੀਤ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਫਸਲਾਂ ਦਾ ਨੁਕਸਾਨ ਹੋਣ ਤੇ ਗਠਜੋੜ ਸਰਕਾਰ ਖੇਤ ਮਜ਼ਦੂਰਾਂ ਨੂੰ ਵੀ ਢੁੱਕਵਾਂ ਮੁਆਵਜ਼ਾ ਦੇਵੇਗੀ।
ਲੋਕਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਹਾਂ। ਉਹਨਾਂ ਦੇ ਮੁਤਾਬਿਕ ਹੀ ਅਸੀਂ ਕਿਸਾਨਾਂ ਲਈ ਇੱਕ ਮੁਕੰਮਲ ਪੈਕਜ ਲੈ ਕੇ ਆਏ ਹਾਂ। ਅਸੀਂ ਸੱਤਾ ਵਿਚ ਆਉਂਦੇ ਹੀ ਛੋਟੀ ਕਿਸਾਨੀ ਦੇ ਸਾਰੇ ਕਰਜ਼ੇ ਮੁਆਫ ਕਰ ਦੇਵਾਂਗੇ। ਇਸ ਤੋਂ ਇਲਾਵਾ ਅਸੀਂ ਕਣਕ ਅਤੇ ਝੋਨੇ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੋਂ ਉੱਪਰ ਸੂਬੇ ਵੱਲੋਂ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਵੀ ਦੇਵਾਂਗੇ। ਇਹ ਖਾਦਾਂ ਦਾ ਖਰਚਾ ਹੋਵੇਗਾ। ਇਸ ਦੇ ਨਾਲ ਹੀ ਹਰ ਸਾਲ ਛੋਟੇ ਕਿਸਾਨਾਂ ਨੂੰ 2 ਲੱਖ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਗਠਜੋੜ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵੀ ਵਚਨਬੱਧ ਹੈ। ਇਸ ਵਾਸਤੇ ਫਸਲਾਂ ਦਾ ਨੁਕਸਾਨ ਹੋਣ ਤੇ ਦਿੱਤੇ ਜਾਣ ਵਾਲੇ ਮੁਆਵਜ਼ੇ ਤਹਿਤ ਰਾਹਤ ਫੰਡ ਦਾ 10 ਫੀਸਦੀ ਖੇਤ ਮਜ਼ਦੂਰਾਂ ਨੂੰ ਦਿੱਤਾ ਜਾਵੇਗਾ।
ਲੋਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਵਿਚ ਸ਼ ਬਾਦਲ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਗਠਜੋੜ ਸਰਕਾਰ ਵੱਲੋਂ ਕਿਸਾਨਾਂ ਨੂੰ ਟਿਊਬਵੈਲ ਦੇ ਕੁਨੈਕਸ਼ਨ ਲੋੜ ਅਨੁਸਾਰ ਦਿੱਤੇ ਜਾਣਗੇ, ਇਸ ਬਾਰੇ ਜ਼ਮੀਨ ਦੇ ਰਕਬੇ ਦੀ ਕੋਈ ਸ਼ਰਤ ਨਹੀਂ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਆਪਣੀ ਸਰਕਾਰ ਦੇ ਆਖਰੀ ਵਰ੍ਹੇ ਵਿਚ ਕਿਸਾਨਾਂ ਨੂੰ ਲੱਖਾਂ ਨਵੇਂ ਟਿਊਬਵੈਲ ਕੁਨੈਕਸ਼ਨ ਦਿੱਤੇ ਹਨ। ਟਿਊਬਵੈਲ ਕੁਨੈਕਸ਼ਨ ਦੇਣ ਦਾ ਦਾਇਰਾ ਅਸੀਂ ਹੋਰ ਵੱਡਾ ਕਰ ਦਿਆਂਗੇ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਜਲਦੀ ਹੀ ਸਮਾਜ ਦੇ ਹਰ ਵਰਗ ਲਈ ਇੱਕ ਪੈਕਜ ਦਾ ਐਲਾਨ ਕਰੇਗੀ।ਅਸੀਂ ਪੰਜਾਬ ਅਤੇ ਪੰਜਾਬੀਆਂ ਦੇ ਹਿਤੈਸ਼ੀ ਹਾਂ।ਕਾਂਗਰਸ ਪੰਜਾਬ ਦੀ ਦੁਸ਼ਮਣ ਹੈ। ਇਹ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਅਤੇ ਸ੍ਰੀ ਦਰਬਾਰ ਸਾਹਿਬ ਅੰਦਰ ਤੋਪਾਂ ਅਤੇ ਟੈਂਕ ਭੇਜਣ ਲਈ ਜ਼ਿੰਮੇਵਾਰ ਹੈ। ਆਪ ਇਸ ਤੋਂ ਵੀ ਮਾੜੀ ਹੈ। ਇਹ ਬਾਹਰਲੇ ਵਿਅਕਤੀਆਂ ਦੀ ਫੌਜ ਹੈ। ਅਰਵਿੰਦ ਕੇਜਰੀਵਾਲ ਪੰਜਾਬ ਉੱਤੇ ਰਾਜ ਕਰਨਾ ਚਾਹੁੰਦਾ ਹੈ। ਕੀ ਤੁਸੀਂ ਕਿਸੇ ਬਾਹਰਲੇ ਆਪਣੇ ਉੱਤੇ ਹਕੂਮਤ ਕਰਨ ਦਿਓਗੇ? ਇਹ ਉਹੀ ਵਿਅਕਤੀ ਹੈ, ਜਿਸ ਨੇ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ ਸੀ, ਜਿਹੜਾ ਇਸ ਨੂੰ ਲੋਕਾਂ ਵਿਚ ਲੈ ਕੇ ਆਇਆ ਸੀ। ਕੇਜਰੀਵਾਲ ਨੇ ਆਪ ਦੇ ਮੋਢੀਆਂ ਨੂੰ ਵੀ ਧੋਖਾ ਦਿੱਤਾ ਹੈ। ਐਸਵਾਈਐਲ ਦੇ ਮੁੱਦੇ ਉੱਤੇ ਉਸ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ। ਤੁਸੀਂ ਕਿਸ ਤਰ੍ਹਾਂ ਅਜਿਹੇ ਵਿਅਕਤੀ Aੁੱਤੇ ਭਰੋਸਾ ਕਰ ਸਕਦੇ ਹੋ?
ਲੋਕਾਂ ਨੂੰ ਕਾਂਗਰਸ ਅਤੇ ਆਪ ਦੇ ਅਸਲੀ ਕਿਰਦਾਰ ਨੂੰ ਪਹਿਚਾਣਨ ਦੀ ਅਪੀਲ ਕਰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਜੇ ਤੁਸੀਂ ਇੱਕ ਗਲਤ ਫੈਸਲਾ ਲੈ ਲਿਆ ਤਾਂ ਜਿਹੜੀਆਂ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਹਨ, ਇਹ ਸਾਰੀਆਂ ਖਤਮ ਹੋ ਜਾਣਗੀਆਂ। ਸਾਡੇ ਵਿਕਾਸ ਕਾਰਜਾਂ ਦਾ ਰਿਕਾਰਡ ਤੁਹਾਡੇ ਸਾਹਮਣੇ ਹੈ। ਅਸੀਂ ਜੋ ਵਾਅਦੇ ਕੀਤੇ ਸਨ, ਉਹਨਾਂ ਨੂੰ ਪੂਰੇ ਕਰ ਵਿਖਾਇਆ ਹੈ। ਅਸੀਂ ਅੱਗੇ ਵੀ ਆਪਣੇ ਵਾਅਦੇ ਪੂਰੇ ਕਰਾਂਗੇ।