ਪਿੰਡ ਗੁਜਰਪੁਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ।
ਜੈਂਤੀਪੁਰ / ਮਜੀਠਾ, 21 ਜਨਵਰੀ, 2017 : ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿੱਚ ਭੈਅ ਦੇ ਮਾਹੌਲ ਸੰਬੰਧੀ ਝੂਠਾ ਭਰਮ ਫੈਲਾਉਣ 'ਚ ਲੱਗੇ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਿੰਦਿਆਂ ਵਿਕਾਸ ਲਈ ਕਾਰਜਸ਼ੀਲ ਅਕਾਲੀ ਭਾਜਪਾ ਗੱਠਜੋੜ ਨੂੰ ਭਾਰੀ ਜਿੱਤ ਦਿਵਾਉਣ ਦੀ ਅਪੀਲ ਕੀਤੀ ਹੈ।
ਸ: ਮਜੀਠੀਆ ਪਿੰਡ ਗੁਜਰਪੁਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਅਮਨ ਪਸੰਦ ਹਨ ਜਿਨ੍ਹਾਂ ਨੂੰ ਹਿੰਸਾ ਲਈ ਭੜਕਾਉਣਾ ਅਤੇ ਧਰਾਉਣਾ ਧਮਕਾਉਣਾ ਬੇਕਾਰ ਹੈ। ਉਹਨਾਂ ਕਿਹਾ ਕਿ ਹਮੇਸ਼ਾਂ ਹੱਕ ਸੱਚ 'ਤੇ ਪਹਿਰਾ ਦੇਣ ਵਾਲੇ ਪੰਜਾਬੀਆਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਕਰਦੀ ਆਈ ਹੈ। ਉਹਨਾਂ ਕਿਹਾ ਕਿ ਕਾਂਗਰਸ ਲੋਕ ਮਾਰੂ ਨੀਤੀਆਂ ਸਦਕਾ ਦੇਸ਼ ਦੀ ਸਿਆਸੀ ਦ੍ਰਿਸ਼ 'ਤੇ ਹਾਸ਼ੀਏ ਤੋਂ ਬਾਹਰ ਹੋ ਚੁੱਕੀ ਹੈ। ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕਰਦਿਆਂ ਸ: ਮਜੀਠੀਆ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੇਜਰੀਵਾਲ ਦਿਲੀ 'ਚ ਸਰਕਾਰ ਦੀ ਇੱਕ ਵੀ ਪ੍ਰਾਪਤੀ ਲੋਕਾਂ ਨੂੰ ਨਹੀਂ ਦਸ ਸਕੇ, ਦਿਲੀ 'ਚ ਕਿਸੇ ਦਲਿਤ ਨੂੰ ਉਪਮੁਖ ਮੰਤਰੀ ਦਾ ਸਤਿਕਾਰ ਨਾ ਦੇਣ ਵਾਲਾ ਪੰਜਾਬ ਵਿੱਚ ਦਲਿਤ ਹਿਤੈਸ਼ੀ ਹੋਣ ਦਾ ਢੌਂਗ ਕਿਸ ਮੂੰਹ ਨਾਲ ਰਚ ਰਿਹਾ ਹੈ। ਦਿਲੀ 'ਚ ਔਰਤਾਂ ਨੂੰ ਇਨਸਾਫ਼ ਮਿਲਣਾ ਤਾਂ ਦੂਰ ਕੇਜਰੀਵਾਲ ਦੇ ਮੰਤਰੀ ਵਿਧਾਇਕ ਤਕ ਔਰਤਾਂ ਰਾਸ਼ਨ ਕਾਰਡ ਬਣਾਉਣ ਨੂੰ ਲੈ ਕੇ ਉਹਨਾਂ ਦਾ ਸ਼ੋਸ਼ਣ ਕਰਨ 'ਚ ਲੱਗੇ ਹੋਏ ਹਨ।ਅਜਿਹੇ ਲੋਕਾਂ ਦੇ ਟੋਲੇ ਦਾ ਆਗੂ ਕੇਜਰੀਵਾਲ ਦੀ ਕੋਈ ਵਿਚਾਰਧਾਰਾ ਨਹੀਂ । ਸਿਰਫ਼ ਕੁਰਸੀ ਲਈ ਹੀ ਲੋਕਾਂ ਨੂੰ ਗੁਮਰਾਹ ਕਰਨ 'ਚ ਲੱਗੇ ਕੇਜਰੀਵਾਲ ਟੋਲੇ ਨੂੰ ਪੰਜਾਬ ਦੇ ਲੋਕ ਕਰਾਰਾ ਸਬਕ ਸਿਖਾਉਣਗੇ।
ਇਸ ਮੌਕੇ ਸ: ਮਜੀਠੀਆ ਨੇ ਕਿਸਾਨੀ ਲਈ ਪਾਣੀਆਂ ਦੀ ਰਾਖੀ ਕਰਨ, ਮਜ਼ਦੂਰ ਅਤੇ ਗਰੀਬ ਵਰਗ ਲਈ ਆਟਾ ਦਾਲ , ਸ਼ਗਨ ਸਕੀਮ, ਸਿਹਤ ਬੀਮਾ ਯੋਜਨਾਵਾਂ ਅਤੇ ਵਪਾਰ ਤੇ ਸਨਅਤ ਨੂੰ ਪ੍ਰਫੁਲਿਤ ਕਰਨ ਸੰਬੰਧੀ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਤਕੜੀ ਅਤੇ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਭਾਰੀ ਗਿਣਤੀ 'ਚ ਵੋਟ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਰਵਿੰਦਰ ਸਿੰਘ ਪ੍ਰਧਾਨ, ਸਰਪੰਚ ਸਰਬਜੀਤ ਕੌਰ, ਸਰਦੂਲ ਸਿੰਘ, ਬਚਿੱਤਰ ਸਿੰਘ, ਬਲਕਾਰ ਸਿੰਘ, ਇਕਬਾਲ ਸਿੰਘ, ਨੰਬਰਦਾਰ ਸਤਨਾਮ ਸਿੰਘ, ਜੋਗਿੰਦਰ ਸਿੰਘ, ਤਰਸੇਮ ਸਿੰਘ,ਮਾਸਟਰ ਸਤਨਾਮ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।