ਚੰਡੀਗੜ੍ਹ, 21 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਜ ਐਲਾਨ ਕੀਤਾ ਹੈ ਕਿ ਅਕਾਲੀ-ਭਾਜਪਾ ਗਠਜੋੜ ਸਾਰੇ ਨੀਲਾ ਕਾਰਡ ਧਾਰਕਾਂ ਨੂੰ ਆਟਾ ਦਾਲ ਸਕੀਮ ਦੇ ਨਾਲ-ਨਾਲ ਖੰਡ ਅਤੇ ਘਿਓ ਵੀ ਰਿਆਇਤੀ ਕੀਮਤਾਂ ਉੱਤੇ ਮੁਹੱਈਆ ਕਰਵਾਏਗਾ।
ਵਿਧਾਨ ਸਭਾ ਹਲਕਾ ਜੰਡਿਆਲਾ ਵਿਖੇ ਪਾਰਟੀ ਉਮੀਦਵਾਰ ਡਾ.ਦਲਬੀਰ ਸਿੰਘ ਵੇਰਕਾ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਾਰੇ ਨੀਲਾ ਕਾਰਡ ਧਾਰਕਾਂ ਨੂੰ ਖੰਡ 10 ਰੁਪਏ ਪ੍ਰਤੀ ਕਿਲੋ ਅਤੇ ਘਿਓ 25 ਰੁਪਏ ਪ੍ਰਤੀ ਕਿਲੋ ਮੁਹਈਆ ਕਰਵਾਏਗੀ।
ਇਸੇ ਦੌਰਾਨ ਬਾਦਲ ਨੇ ਇੱਕ ਹੋਰ ਵੱਡੀ ਘੋਸ਼ਣਾ ਕਰਦਿਆਂ ਕਿਹਾ ਕਿ ਬੁਢਾਪਾ ਪੈਨਸ਼ਨ ਸਮੇਤ ਸਾਰੀਆਂ ਲੋਕ ਭਲਾਈ ਪੈਨਸ਼ਨਾਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣਗੀਆਂ। ਅਸੀਂ ਸ਼ਗਨ ਸਕੀਮ ਦੀ ਰਾਸ਼ੀ 15000 ਰੁਪਏ ਤੋਂ ਵਧਾ ਕੇ 51000 ਰੁਪਏ ਕਰ ਦੇਵਾਂਗੇ। ਸਾਰੇ ਨੀਲਾ ਕਾਰਡ ਧਾਰਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ।
ਇਸ ਮੌਕੇ ਇਹ ਹੋਰ ਵੱਡਾ ਐਲਾਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਜਨਰਲ ਸ੍ਰæੇਣੀ ਦੇ ਗਰੀਬ ਤਬਕਿਆਂ ਨੂੰ ਦਿੱਤਾ ਜਾਵੇਗਾ।
ਸ਼ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਨੀਲਾ ਕਾਰਡ ਧਾਰਕਾਂ, ਛੋਟੀ ਕਿਸਾਨੀ, ਛੋਟੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਮੈਡੀਕਲ ਇਲਾਜ ਦੀ ਸਹੂਲਤ ਨੂੰ 50,000 ਤੋਂ ਵਧਾ ਕੇ ਇੱਕ ਲੱਖ ਕੀਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਕਿਸੇ ਨੂੰ ਇਹਨਾਂ ਵਾਅਦਿਆਂ ਨੂੰ ਪੂਰਾ ਕੀਤੇ ਜਾਣ ਉੱਤੇ ਸੱæਕ ਹੈ , ਉਸ ਨੂੰ ਗਠਜੋੜ ਸਰਕਾਰ ਦੀ ਪੁਰਾਣੀ ਕਾਰਗੁਜ਼ਾਰੀ ਉੱਤੇ ਝਾਤ ਮਾਰ ਸਕਦਾ ਹੈ। ਅਸੀਂ ਤੁਹਾਨੂੰ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਅਸੀ ਦਿੱਤੀ।ਅਸੀਂ ਨੇ ਆਟਾ ਦਾਲ ਸਕੀਮ ਨੂੰ ਵੀ ਪੂਰੀ ਸਫਲਤਾ ਨਾਲ ਲਾਗੂ ਕੀਤਾ ਹੈ। ਇਸ ਦੇ ਉਲਟ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਦੇ ਹੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਸੀ। ਉਸ ਨੇ ਸ਼ਗਨ ਸਕੀਮ ਵੀ ਵਾਪਸ ਲੈ ਲਈ ਸੀ। ਤੁਸੀਂ ਅਜਿਹੇ ਵਿਅਕਤੀ ਉੱਤੇ ਕਿਵੇਂ ਭਰੋਸਾ ਕਰ ਸਕਦੇ ਹੋ?
ਇਸ ਮੌਕੇ ਮਾਲ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਾਝੇ ਵਿਚ ਲੱਕ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਲੋਕ ਇਸ ਦੀ ਅਸਲੀਅਤ ਨੂੰ ਜਾਣਦੇ ਹਨ। ਲੋਕਾਂ ਨੇ ਵਿਕਾਸ, ਆਪਣੇ ਅਤੇ ਆਪਣੀ ਅਗਲੀ ਪੀੜ੍ਹੀ ਦੇ ਵਧੀਆ ਭਵਿੱਖ ਲਈ ਵੋਟ ਪਾਉਣ ਦਾ ਫੈਸਲਾ ਕਰ ਲਿਆ ਹੈ।