ਅੰਮ੍ਰਿਤਸਰ, 21 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਮੇਡੀਅਨ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਅਤੇ ਉਸ ਦੀ ਪਤਨੀ ਨੂੰ ਪੁੱਿਛਆ ਹੈ ਕਿ ਉਹ ਇੱਕ ਕੰਮ ਗਿਣਾਉਣ, ਜਿਹੜਾ ਉਹਨਾਂ ਨੇ ਅੰਮ੍ਰਿਤਸਰ ਲਈ ਕੀਤਾ ਹੋਵੇ।
ਵਿਧਾਨ ਸਭਾ ਹਲਕਿਆਂ ਅੰਮ੍ਰਿਤਸਰ ਈਸਟ ਅਤੇ ਅੰਮ੍ਰਿਤਸਰ ਸੈਂਟਰਲ ਵਿਖੇ ਪਾਰਟੀ ਉਮੀਦਵਾਰਾਂ ਰਾਜੇਸ਼ ਹਨੀ ਅਤੇ ਤਰੁਣ ਚੁਘ ਦੇ ਹੱਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਸਿੱਧੂ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸੇ ਕਿ ਪਿਛਲੇ ਢਾਈ ਸਾਲ ਤੋਂ ਉਹ ਕਿਥੇ ਸੀ? ਤੁਹਾਨੂੰ ਮੁੰਬਈ ਵਿਚਲਾ ਆਪਣਾ ਕਾਰੋਬਾਰ ਅੰਮ੍ਰਿਤਸਰ ਦੇ ਲੋਕਾਂ ਨਾਲੋਂ ਵੱਧ ਪਿਆਰਾ ਕਿਉਂ ਸੀ?
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਧੂ ਕੁੱਝ ਦੇਰ ਪਹਿਲਾਂ ਭਾਜਪਾ ਨੂੰ ਆਪਣੀ ਮਾਂ ਪਾਰਟੀ ਅਤੇ ਸ੍ਰੀ ਅਰੁਣ ਜੇਤਲੀ ਨੂੰ ਆਪਣਾ ਸਿਆਸੀ ਗੁਰੂ ਕਹਿੰਦਾ ਹੁੰਦਾ ਸੀ। ਪਰੰਤੂ ਤਿੰਨ ਸਾਲਾਂ ਵਿਚ ਹੀ ਸਿੱਧੂ ਨੇ ਆਪਣੀ ਮਾਂ ਪਾਰਟੀ ਬਦਲ ਕੇ ਪਹਿਲਾਂ ਆਪ ਅਤੇ ਹੁਣ ਕਾਂਗਰਸ ਨੂੰ ਆਪਣੀ ਮਾਂ ਬਣਾ ਲਿਆ ਹੈ। ਤੁਸੀ ਇਸ ਵਿਅਕਤੀ ਦਾ ਕਿਰਦਾਰ ਵੇਖੋ, ਜਿਹੜਾ ਤਿੰਨ ਵਾਰ ਆਪਣੀ ਮਾਂ ਨੂੰ ਬਦਲ ਚੁੱਕਿਆ ਹੈ।
ਲੋਕਾਂ ਨੂੰ ਸਿੱਧੂ ਦਾ ਅਸਲੀ ਕਿਰਦਾਰ ਪਹਿਚਾਣਨ ਦੀ ਅਪੀਲ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਧੂ ਪਹਿਲਾਂ ਬਾਦਲ ਸਾਹਿਬ ਨੂੰ ਪਿਤਾ ਕਹਿੰਦਾ ਹੁੰਦਾ ਸੀ। ਉਸ ਨੇ ਜਨਤਕ ਤੌਰ ਤੇ ਕਿਹਾ ਸੀ ਕਿ ਉਹ ਅਕਾਲੀ ਦਲ ਦੇ ਸਮਰਥਨ ਤੋਂ ਬਿਨਾਂ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਨਹੀ ਸੀ ਜਿੱਤ ਸਕਦਾ। ਪਰ ਹੁਣ ਉਸ ਨੂੰ ਸਾਡੇ ਅੰਦਰ ਨੁਕਸ ਹੀ ਨੁਕਸ ਨਜ਼ਰ ਆ ਰਹੇ ਹਨ।
ਉਹਨਾਂ ਕਿਹਾ ਕਿ ਸਾਬਕਾ ਕ੍ਰਿਕਟਰ ਨੂੰ ਆਪਣੇ ਆਪ ਨੂੰ ਸਭ ਤੋ ਉੱਚੀ ਬੋਲੀ ਉੱਤੇ ਵੇਚਣ ਦੀ ਆਦਤ ਹੈ। ਹੁਣ ਉਸ ਨੂੰ ਕਾਂਗਰਸ ਪਾਰਟੀ ਨੇ ਵੱਡੀ ਬੋਲੀ ਲਾ ਕੇ ਖਰੀਦਿਆ ਹੈ। ਉਹ ਇੱਥੇ ਸਿਰਫ 20 ਦਿਨ ਲਈ ਹੈ। 4 ਫਰਵਰੀ ਨੂੰ ਉਹ ਵਾਪਸ ਮੁੰਬਈ ਦੌੜ ਜਾਵੇਗਾ।
ਸ਼ ਬਾਦਲ ਨੇ ਅੰਮ੍ਰਿਤਸਰ ਵਿਚ ਆਪਣੇ ਕੀਤੇ ਕੰਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਸ਼ਹਿਰ ਦਾ ਹੁਲੀਆ ਬਦਲਣ ਲਈ ਪਿਛਲੇ ਪੰਜ ਸਾਲਾਂ ਦੌਰਾਨ ਉਹ ਅੰਮ੍ਰਿਸਰ ਦੀ ਹਰ ਗਲੀ ਅਤੇ ਕੋਨੇ ਵਿਚ ਗਏ ਹਨ। ਹੁਣ ਅੰਮ੍ਰਿਤਸਰ ਦਾ ਬਦਲਿਆ ਹੋਇਆ ਰੂਪ ਤੁਹਾਡੇ ਸਾਹਮਣੇ ਹੈ। ਤੁਸੀਂ ਇਸ ਦੇ ਬੁਨਿਆਦੀ ਢਾਂਚੇ ਵੱਲ ਨਜ਼ਰ ਘੁਮਾਓ। ਸ੍ਰੀ ਦਰਬਾਰ ਸਾਹਿਬ ਦੁਆਲੇ ਕੀਤੇ ਗਏ ਸੁੰਦਰੀਕਰਨ ਨੂੰ ਵੇਖੋ। ਮੈਂ ਅਜੇ ਹੋਰ ਕੰਮ ਕਰਨਾ ਚਾਹੁੰਦਾ ਹਾਂ। ਮੈਂ ਸਾਰੇ ਸ਼ਹਿਰ ਨੂੰ ਖੂਬਸੂਰਤ ਬਣਾਉਣਾ ਚਾਹੁੰਦਾ ਹਾਂ। ਇਹ ਮੇਰੀ ਜ਼ਿੰਦਗੀ ਦਾ ਮਿਸ਼ਨ ਹੈ। ਕਿਰਪਾ ਕਰਕੇ ਮੈਨੂੰ ਇਹ ਸਭ ਕਰਨ ਲਈ ਇੱਕ ਮੌਕਾ ਦਿਓ।
ਇਸ ਮੌਕੇ ਉੱਤੇ ਬੋਲਦਿਆਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਭ੍ਰਿਸ਼ਟਾਚਾਰ ਕੀਤਾ ਸੀ। ਇਸ ਕਰਕੇ ਹੀ ਉਸ ਨੇ ਵਿਦੇਸ਼ ਵਿਚ ਬੈਂਕ ਖਾਤੇ ਖੋਲ੍ਹੇ ਸਨ। ਇਹ ਜਾਣਕਾਰੀ ਐਨਡੀਏ ਸਰਕਾਰ ਦੇ ਕਾਰਜਕਾਲ ਦੌਰਾਨ ਨਹੀਂ ,ਸਗੋਂ ਯੂਪੀਏ ਸਰਕਾਰ ਵੇਲੇ 2011 ਵਿਚ ਸਾਹਮਣੇ ਆ ਗਈ ਸੀ। ਉਹ ਇਕਲੌਤਾ ਵਿਅਕਤੀ ਹੈ , ਜਿਸ ਨੇ ਮੇਰੇ ਖਿਲਾਫ ਬਹੁਤ ਸਾਰੇ ਕੇਸ ਦਰਜ ਕਰਵਾਏ ਹਨ। ਸੂਬੇ ਦੀ ਅਗਵਾਈ ਕਰਨ ਲਈ ਉਸ ਉਤੇ ਦੁਬਾਰਾ ਭਰੋਸਾ ਨਹੀਂ ਕੀਤਾ ਜਾ ਸਕਦਾ।