ਜਲੰਧਰ/ਚੰਡੀਗੜ੍ਹ, 21 ਜਨਵਰੀ, 2017 : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀਆਈਪੀ ਸੁਰੱਖਿਆ ਵਿੱਚ ਲੱਗੇ ਹਜਾਰਾਂ ਪੁਲਿਸ ਕਰਮੀਆਂ ਨੂੰ ਉਥੋਂ ਹਟਾ ਕੇ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਰੋਕਣ ਵਿੱਚ ਲਗਾਏਗੀ।
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਡਾ ਸੰਜੀਵ ਸ਼ਰਮਾ (ਜਲੰਧਰ ਸੈਂਟ੍ਰਲ), ਐਚਐਸ ਵਾਲੀਆ (ਜਲੰਧਰ ਕੈਂਟ), ਗੁਲਸ਼ਨ ਸ਼ਰਮਾ (ਜਲੰਧਰ ਨਾਰਥ) ਅਤੇ ਦਰਸ਼ਨ ਲਾਲ ਭਗਤ (ਜਲੰਧਰ ਵੈਸਟ) ਦੀਆਂ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਵੀਆਈਪੀ ਕਲਚਰ ਨੂੰ ਖਤਮ ਕੀਤਾ ਜਾਵੇਗਾ ਅਤੇ ਦਿੱਲੀ ਵਿੱਚ ਇਹ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ।
ਉਨਾਂ ਕਿਹਾ ਕਿ ਜਿਨਾਂ ਅਕਾਲੀਆਂ ਦੇ ਡਰੱਗ ਮਾਫੀਆ ਨਾਲ ਸਬੰਧ ਹਨ, ਉਨਾਂ ਨੂੰ ਜੇਲਾਂ ਵਿੱਚ ਸੁੱਟਿਆ ਜਾਵੇਗਾ। ਉਥੇ ਉਹ ਆਨੰਦ ਮਹਿਸੂਸ ਕਰਨਗੇ ਕਿਉਂਕਿ ਉਹ ਚਾਰੇ ਪਾਸਿਓਂ ਪੁਲਿਸ ਨਾਲ ਘਿਰੇ ਰਹਿਣਗੇ, ਜਿਸ ਦੀ ਉਨਾਂ ਨੂੰ ਆਦਤ ਪੈ ਚੁੱਕੀ ਹੈ।
ਦਿੱਲੀ ਦੇ ਡਿਪਟੀ ਸੀਐਮ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਦਿੱਲੀ ਸਰਕਾਰ ਨੇ ਬਿਜਲੀ ਦੀਆਂ ਦਰਾਂ ਦੇਸ਼ ਵਿੱਚ ਸਭ ਤੋਂ ਸਸਤੀਆਂ ਕਰ ਦਿੱਤੀਆਂ ਹਨ ਅਤੇ ਪੰਜਾਬ ਵਿੱਚ ਵੀ ਇਸੇ ਤਰਾਂ ਬਿਜਲੀ ਸਸਤੀ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਜਿਆਦਾ ਸੁਧਾਰ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸਿਸਟਮ ਦਾ ਢਾਂਚਾ ਢਹਿ ਢੇਰੀ ਹੋ ਚੁੱਕਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਦਰੁਸਤ ਕਰੇਗੀ।
ਆਮ ਆਦਮੀ ਪਾਰਟੀ (ਆਪ) ਦੀਆਂ ਵਪਾਰ ਪੱਖੀ ਨੀਤੀਆਂ ਦਾ ਬਾਰੇ ਦਸਦਿਆ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ 42 ਚੀਜਾਂ ਤੋਂ ਵੈਟ 12.5% ਤੋਂ ਘਟਾ ਕੇ 5% ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਾਰੋਬਾਰੀਆਂ ਵੱਲੋਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿੱਚ ਭਰੋਸਾ ਜਤਾਇਆ ਗਿਆ, ਜਿਸ ਕਾਰਨ ਸਰਕਾਰ ਦੀ ਆਮਦਨ ਵਧੀ ਹੈ।
ਇਸ ਤੋਂ ਪਹਿਲਾਂ ਸਵੇਰੇ ਵੇਲੇ ਸਿਸੋਦੀਆ ਸਥਾਨਕ ਬਰਲਟਨ ਪਾਰਕ ਵਿੱਚ ਸੈਰ ਲਈ ਗਏ ਅਤੇ ਸੈਰ ਕਰਨ ਵਾਲਿਆਂ ਨਾਲ ਸਿਆਸੀ ਹਾਲਾਤਾਂ ਬਾਰੇ ਚਰਚਾ ਕੀਤੀ, ਜਿਨਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ।