ਜਲੰਧਰ, 22 ਜਨਵਰੀ 2017 : ਸੂਬੇ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢਣ ਦੀ ਦਿਸ਼ਾ 'ਚ ਲੜੀਵਾਰ ਐਲਾਨਾਂ ਹੇਠ, ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਬਿਜਲੀ ਡਿਊਟੀ 'ਚ 10 ਪ੍ਰਤੀਸ਼ਤ ਕਮੀ ਕਰਦਿਆਂ, ਬਿਜਲੀ ਨੂੰ ਪੰਜਾਬ ਭਰ 'ਚ ਉਚਿਤ ਰੇਟਾਂ 'ਤੇ ਮੁਹੱਈਆ ਕਰਵਾਉਣ ਸਮੇਤ ਪਟਰੋਲ ਤੇ ਐਲ.ਪੀ.ਜੀ ਨੂੰ ਸਸਤਾ ਕਰਨ ਦਾ ਵਾਅਦਾ ਕੀਤਾ ਹੈ।
ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਖੇਤਰ 'ਚ ਪ੍ਰਚਾਰ ਦੌਰਾਨ ਥੋੜ੍ਹੇ ਵਕਤ ਦੇ ਠਹਿਰਾਅ ਮੌਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ 'ਚ ਸਟੇਟ ਟਰਾਂਸਪੋਰਟ ਦੀਆਂ ਬੱਸਾਂ 'ਚ ਸੀਨੀਅਰ ਸਿਟੀਜ਼ਨਾਂ ਤੇ ਵਿਦਿਆਰਥੀਆਂ ਨੂੰ ਫ੍ਰੀ ਸਫਰ ਦੀ ਸੁਵਿਧਾ ਮੁਹੱਈਆ ਕਰਵਾਉਣਾ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਾਬਕਾ ਫੌਜ਼ੀ, ਪੁਲਿਸ ਤੇ ਨੀਮ ਫੌਜ਼ੀ ਦਸਤਿਆਂ ਦੇ ਜਵਾਨ ਵੀ ਸਰਕਾਰੀ ਬੱਸਾਂ 'ਚ ਫ੍ਰੀ ਸਫਰ ਦੀ ਸੁਵਿਧਾ ਹਾਸਿਲ ਕਰ ਸਕਣਗੇ।
ਕੈਪਟਨ ਅਮਰਿੰਦਰ ਨੇ ਇਨ੍ਹਾਂ ਐਲਾਨਾਂ ਨੂੰ ਲੈ ਕੇ ਤਰਕ ਦਿੱਤਾ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਪੰਜਾਬ ਦੀ ਅਬਾਦੀ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕੱਢਦਿਆਂ, ਇਕ ਵਿਆਪਕ ਦਸਤਾਵੇਜ ਹੋਣ ਦੇ ਬਾਵਜੂਦ, ਪਾਰਟੀ ਦੇ ਹਲਕਿਆਂ ਅੰਦਰ ਇਸ 'ਚ ਕੁਝ ਹੋਰ ਲੋਕ ਭਲਾਈ ਸਬੰਧੀ ਉਪਾਅ ਜੋੜੇ ਜਾਣ ਦੀ ਅਹਿਮ ਲੋੜ ਸਮਝੀ ਜਾ ਰਹੀ ਸੀ।
ਇਸ ਲੜੀ ਹੇਠ, ਉਨ੍ਹਾਂ ਨੇ ਪਟਰੋਲ ਤੇ ਐਲ.ਪੀ.ਜੀ ਦੇ ਰੇਟਾਂ ਨੂੰ ਚੰਡੀਗੜ੍ਹ ਤੇ ਗੁਆਂਢੀ ਸੂਬਿਆਂ ਦੇ ਬਰਾਬਰ ਲਿਆਉਣ ਸਬੰਧੀ ਵਾਅਦੇ 'ਤੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਹੀ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਸੇ ਸੁਵਿਧਾ ਵਾਸਤੇ ਜ਼ਿਆਦਾ ਅਦਾਇਗੀ ਕਰਨੀ ਪਵੇ, ਜਿਸ ਬਦਲੇ ਬਾਕੀ ਘੱਟ ਪੈਸੇ ਦਿੰਦੇ ਹਨ। ਅਜਿਹੇ 'ਚ ਪਟਰੋਲ 'ਤੇ ਟੈਕਸਾਂ ਨੂੰ ਉਚਿਤ ਦਰ 'ਤੇ ਲਿਆਉਂਦਿਆਂ, ਇਸਨੂੰ ਹੋਰਨਾਂ ਦੇ ਸਮਾਨ ਲਿਆਇਆ ਜਾਵੇਗਾ। ਇਸ ਨਾਲ ਪਟਰੋਲ ਦੇ ਰੇਟਾਂ 'ਚ 3 ਰੁਪਏ ਪ੍ਰਤੀ ਲੀਟਰ ਕਮੀ ਲਿਆਉਣ 'ਚ ਸਹਾਇਤਾ ਮਿਲੇਗੀ। ਇਸੇ ਕਦਮ ਰਾਹੀਂ, ਐਲ.ਪੀ.ਜੀ ਦੇ ਰੇਟਾਂ ਨੂੰ 15 ਰੁਪਏ ਪ੍ਰਤੀ ਸਿਲੈਂਡਰ ਘਟਾਇਆ ਜਾਵੇਗਾ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਪਟਰੋਲ ਤੇ ਐਲ.ਪੀ.ਜੀ ਦੀਆਂ ਕੀਮਤਾਂ 'ਚ ਕਮੀ ਲਿਆਉਣ ਦਾ ਫੈਸਲਾ ਲੋਕਾਂ ਤੇ ਖਾਸ ਕਰਕੇ ਉਦਯੋਗਪਤੀ ਵਰਗ ਤੋਂ ਮਿਲੇ ਸੁਝਾਆਂ ਦੇ ਅਧਾਰ 'ਤੇ ਲਿਆ ਗਿਆ ਹੈ, ਜਿਨ੍ਹਾਂ ਮੁਤਾਬਿਕ ਪੰਜਾਬ 'ਚ ਇਨ੍ਹਾਂ ਵਸਤਾਂ ਦੇ ਰੇਟ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਬਿਜਨੇਸਾਂ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਰਾਹੀਂ ਸਫਰ ਤੇ ਕਿਰਾਏ ਦੇ ਖਰਚਿਆਂ 'ਚ ਭਾਰੀ ਕਮੀ ਆਏਗੀ। ਇਸ ਨਾਲ, ਕਾਂਗਰਸ ਦੇ ਸੂਬੇ ਦੀ ਸੱਤਾ 'ਚ ਆਉਣ ਤੋਂ ਬਾਅਦ ਉਦਯੋਗਾਂ ਨੂੰ ਉਤਸਾਹਿਤ ਕਰਦਿਆਂ ਤੇ ਅੱਗੇ ਵਧਾਉਂਦਿਆਂ, ਪੰਜਾਬ ਅੰਦਰ ਇੰਡਸਟਰੀ ਨੂੰ ਮੁੜ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਤਾਕਤ ਮਿਲੇਗੀ।
ਇਸ ਦੌਰਾਨ, ਉਨ੍ਹਾਂ ਨੇ ਖੇਤੀਬਾੜੀ ਵਿਕਾਸ ਲਈ ਫ੍ਰੀ ਬਿਜਲੀ ਦੇਣ ਸਮੇਤ ਉਦਯੋਗਿਕ ਤੇ ਘਰੇਲੂ ਖਪਤਕਾਰਾਂ ਨੂੰ ਰਿਆਇਤੀ ਰੇਟਾਂ 'ਤੇ ਬਿਜਲੀ ਮੁਹੱਈਆ ਕਰਵਾਉਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਸਸਤੀ ਬਿਜਲੀ ਦਾ ਲਾਭ ਹੋਰ ਵਧਾਉਣ ਵਾਸਤੇ ਹੋਰ ਕਦਮ ਚੁੱਕੇ ਜਾਣ ਦੀ ਲੋੜ ਸਮਝੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਬੀਤੇ 10 ਸਾਲਾਂ ਤੋਂ ਟਰਾਂਸਪੋਰਟ 'ਤੇ ਬਾਦਲਾਂ ਦੇ ਮਾਫੀਆ ਦਾ ਕਬਜ਼ਾ ਹੈ ਅਤੇ ਇਸ ਮਾਮਲੇ 'ਚ ਲੋਕਾਂ ਦੇ ਸਿਰ ਤੋਂ ਬੋਝ ਨੂੰ ਹਟਾਉਣ ਲਈ ਉਹ ਵਚਨਬੱਧ ਹਨ। ਇਸ ਦਿਸ਼ਾ 'ਚ ਸੀਨੀਅਰ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਫ੍ਰੀ ਸਫਰ ਦੀ ਸੁਵਿਧਾ ਦੇਣ ਦਾ ਕਦਮ ਚੁੱਕਿਆ ਗਿਆ ਹੈ।