ਪੰਜਾਬ ਦਾ ਚੋਣ ਮੈਦਾਨ ਤਿਰਛੀ ਨਜ਼ਰ ਹੇਠ - 22 ਜਨਵਰੀ , 2017
ਕਿਵੇਂ ਪੰਜਾਬੀ ਦਾ ਘਾਣ ਹੋ ਰਿਹੈ ਪੰਜਾਬ ਚੋਣਾਂ ਦੌਰਾਨ.... ?
ਬਹੁਤ ਅਫ਼ਸੋਸਨਾਕ ਢੰਗ ਨਾਲ ਪੰਜਾਬੀ ਦਾ ਘਾਣ ਹੋ ਰਿਹੈ ਇਨ੍ਹਾਂ ਚੋਣਾਂ ਦੀ ਪ੍ਰਚਾਰ ਮੁਹਿੰਮ ਦੌਰਾਨ ਜਦੋਂ ਵੀ ਕੋਈ ਟੀ ਵੀ ਚੈਨਲ ਵਾਲਾ ਮਾਈਕ , ਕਿਸੇ ਵੱਡੇ ਜਾਂ ਛੋਟੇ ਨੇਤਾ ਦੇ ਅੱਗੇ ਕਰ ਦਿੱਤਾ ਜਾਂਦਾ ਹੈ , ਉਹ ਇੱਕ ਦਮ ਹਿੰਦੀ ਬੋਲਣੀ ਸ਼ੁਰੂ ਕਰ ਦਿੰਦਾ ਹੈ ਭਾਵੇਂ ਇਹ ਟੁੱਟੀ -ਫੁੱਟੀ ਹੀ ਕਿਉਂ ਨਾ ਹੋਵੇ . ਇਹ ਠੀਕ ਹੈ ਕਿ ਬਹੁਤੇ ਚੈਨਲ ਹਿੰਦੀ ਦੇ ਹਨ ਅਤੇ ਇਨ੍ਹਾਂ ਦੇ ਰਿਪੋਰਟਰ ਹਿੰਦੀ ਵਿਚ ਸਵਾਲ ਕਰਦੇ ਨੇ ਪਰ ਵੱਖ ਵੱਖ ਪਾਰਟੀਆਂ ਦੇ ਬਹੁਤੇ ਨੇਤਾਵਾਂ ( ਕੁੱਝ ਇੱਕ ਨੂੰ ਛੱਡ ਕੇ ) ਅੰਦਰ ਪਤਾ ਨਹੀਂ ਆਪਣੀ ਮਾਂ ਬੋਲੀ ਬਾਰੇ ਕਿਉਂ ਹੀਣਤਾ ਦਾ ਅਹਿਸਾਸ ਹੈ ਕਿ ਜੇਕਰ ਉਨ੍ਹਾਂ ਨੇ ਪੰਜਾਬੀ ਬੋਲੀ ਵਿਚ ਜਵਾਬ ਦਿੱਤਾ ਤਾਂ ਕਿਸੇ ਨੇ ਸਮਝਣਾ ਨਹੀਂ . ਇਹ ਵੀ ਦਿਲਚਸਪ ਹੈ ਕਿ ਆਪਣੀ ਗੱਲ ਜਾਂ ਆਪਣਾ ਪੱਖ ਉਮੀਦਵਾਰਾਂ ਜਾਂ ਨੇਤਾਵਾਂ ਨੇ ਪੁਚਾਉਣਾ ਤਾਂ ਪੰਜਾਬ ਦੇ ਵੋਟਰਾਂ ਨੂੰ ਹੀ ਹੁੰਦੈ ਪਰ ਉਹ ਅਕਸਰ ਔਖੇ ਹੋ ਕੇ ਹਿੰਦੀ ਬੋਲਦੇ ਦਿਖਾਈ ਦਿੰਦੇ ਨੇ .
ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਮੁੱਖ ਤੌਰ ਤੇ ਪੰਜਾਬੀ ਸਮਝੇ ਜਾਂਦੇ ਇਕ ਰਿਜਨਲ ਟੀ ਵੀ ਚੈਨਲ ਨੇ ਵੀ ਚੋਣ ਮੁਹਿੰਮ ਦੀ ਪੰਜਾਬ ਭਰ ਦੀ ਕਵਰੇਜ ਨਿਰੋਲ ਹਿੰਦੀ ਭਾਸ਼ਾ ਵਿਚ ਹੀ ਕੀਤੀ . ਤੇ ਸਾਡੇ ਬਹੁਤੇ ਨੇਤਾਵਾਂ ਅਤੇ ਕਈ ਵਿਚਾਰੇ ਵੋਟਰਾਂ ਨੇ ਜਵਾਬ ਹਿੰਦੀ ਵਿਚ ਹੀ ਦਿੱਤੇ . ਅਜਿਹਾ ਕਰਨ ਪਿੱਛੇ ਕੋਈ ਮੰਤਵ ਜਾਂ ਭਾਵਨਾ ਹੋਵੇ ਜਾਂ ਨਾ ਪਰ ਇਸ ਨਾਲ ਪੰਜਾਬੀ ਭਾਸ਼ਾ ਦਾ ਜ਼ਰੂਰ ਨੁਕਸਾਨ ਜ਼ਰੂਰ ਹੋ ਰਿਹਾ .
ਮੇਰਾ ਖ਼ਿਆਲ ਹੈ ਕਿ ਇਹ ਬਹਿਸ ਅਤੇ ਚਰਚਾ ਦਾ ਵਿਸ਼ਾ ਬਣਨਾ ਚਾਹੀਦਾ ਹੈ .
ਬੀ ਜੇ ਪੀ ਲਈ ਡਰੱਗਜ਼ ਇਹ ਅਹਿਮ ਚੁਨੌਤੀ
ਬੀ ਜੇ ਪੀ ਵੱਲੋਂ ਪੰਜਾਬ ਚੋਣਾਂ ਲਈ ਜਾਰੀ ਕੀਤੇ ਮੈਨੀਫੈਸਟੋ ਵਿਚ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਲਈ " ਡਰੱਗ ਮੁਕਤ ਪੰਜਾਬ " ਦਾ ਅਹਿਮ ਵਾਅਦਾ ਕੀਤਾ ਗਿਆ ਹੈ . ਇਸ ਦਾ ਅਰਥ ਹੈ ਕਿ ਬੀ ਜੇ ਪੀ ਪੰਜਾਬ ਵਿਚ ਡਰੱਗਜ਼ ਦੀ ਵਰਤੋਂ ਨੂੰ ਪੰਜਾਬ ਲਈ ਇੱਕ ਅਹਿਮ ਚੁਨੌਤੀ ਮੰਨਦੀ ਹੈ .
22 ਜਨਵਰੀ
ਬਲਜੀਤ ਬੱਲੀ
ਸੰਪਾਦਕ , ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ