ਚੰਡੀਗੜ੍ਹ, 22 ਜਨਵਰੀ, 2017 : ਕੁਰਸੀ ਦੀ ਲਲਕ ਵਾਸਤੇ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਸਿਆਸੀ ਪਾਰਟੀਆਂ ਤੋਂ ਪੈਸੇ ਲੈਣ ਲਈ ਉਕਸਾ ਨੇ ਸਿਰਫ ਚੋਣ ਜ਼ਾਬਤੇ ਦੀ ਉਲੰਘਣਾ ਹੀ ਨਹੀ ਕਰ ਰਹੇ, ਸਗੋਂ ਇਹਨਾਂ ਨੇ ਆਪਣੀ ਪਾਰਟੀ ਦੇ ਸੰਵਿਧਾਨ ਨੂੰ ਵੀ ਛਿੱਕੇ ਉੱਤੇ ਟੰਗ ਦਿੱਤਾ ਹੈ। ਆਪ ਪੰਜਾਬ ਵਿਚ ਤਬਦੀਲੀ ਸਗੋਂ ਤਬਾਹੀ ਲਿਆਉਣ ਦੀ ਵਿਉਂਤਬੰਦੀ ਕਰਕੇ ਆਈ ਹੈ।
ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਆਪ ਦੇ ਆਈ ਟੀ ਸੈਲ ਦੇ ਸਾਬਕਾ ਇੰਚਾਰਜ ਹਿਮਾਂਸ਼ੂ ਪਾਠਕ ਵੱਲੋਂ ਸ਼ਨੀਵਾਰ ਨੂੰ ਜਲੰਧਰ ਵਿਚ ਆਪ ਲੀਡਰਸ਼ਿਪ ਉੱਤੇ ਲਏ ਦੋਸ਼ਾਂ ਬਾਰੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਆਪ ਨੂੰ ਤਬਦੀਲੀ ਦਾ ਸੂਚਕ ਸਮਝਣ ਵਾਲੇ ਸਾਰੇ ਆਗੂਆਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਿਆ ਹੈ। ਆਪ ਨੇ ਉਹਨਾਂ ਸਾਰੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ, ਜਿਹਨਾਂ ਦਾ ਵਾਸਤਾ ਦੇ ਕੇ ਇਸ ਨੇ ਲੋਕਾਂ ਨੂੰ ਆਪਣੇ ਪਿੱਛੇ ਲਾਇਆ ਸੀ। ਉਹਨਾਂ ਕਿਹਾ ਕਿ ਜਿਹੜੀ ਪਾਰਟੀ ਆਪਣੇ ਸੰਵਿਧਾਨ ਦੀ ਹੀ ਪਾਲਣਾ ਨਾ ਕਰ ਰਹੀ ਹੋਵੇ, ਉਸ ਦੇ ਆਗੂਆਂ ਉੱਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਹੈ। ਇਸ ਪਾਰਟੀ ਉੱਤੇ ਦਿੱਲੀ, ਯੂਪੀ ਅਤੇ ਬਿਹਾਰ ਦੇ ਆਗੂਆਂ ਦਾ ਇੰਨਾ ਭਾਰੀ ਦਬਦਬਾ ਹੈ ਕਿ ਉਹਨਾਂ ਨੇ ਪੰਜਾਬ ਵਿਚ ਆਪਣੇ ਵਲੰਟੀਅਰਾਂ ਦੀ ਜਾਸੂਸੀ ਕਰਵਾਉਣ ਲਈ ਦਿੱਲੀ ਦੀਆਂ ਡਿਟੈਕਟਿਵ ਕੰਪਨੀਆਂ ਭਾੜੇ ਉੱਤੇ ਰੱਖੀਆਂ ਹੋਈਆਂ ਹਨ। ਇੰਨਾ ਹੀ ਨਹੀਂ ਦਿੱਲੀ ਦੇ ਆਗੂ ਪੰਜਾਬ ਵਿਚ ਪਾਰਟੀ ਦੇ ਸਿੱਖ ਚਿਹਰਿਆਂ ਨੂੰ ਹਰਾਉਣ ਲਈ ਵੀ ਡੂੰਘੀਆਂ ਸਾਜ਼ਿਸ਼ਾਂ ਘੜ ਰਹੇ ਹਨ।
ਸ਼ ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਗੈਰ ਪੰਜਾਬੀ ਲੀਡਰਸ਼ਿਪ ਟਿਕਟਾਂ ਵੰਡਣ ਦੇ ਬਹਾਨੇ ਪੰਜਾਬੀਆਂ ਤੋਂ ਕਰੋੜਾਂ ਰੁਪਏ ਇੱਕਠੇ ਕਰਕੇ ਦਿੱਲੀ ਢੋਅ ਚੁੱਕੀ ਹੈ। ਆਪ ਮੁਖੀ ਅਰਵਿੰਦ ਕੇਜਰੀਵਾਲ ਆਪਣੀਆਂ ਚੋਣ ਰੈਲੀਆਂ ਵਿਚ ਲੋਕਾਂ ਨੂੰ ਸ਼ਰੇਆਮ ਸਿਆਸੀ ਪਾਰਟੀਆਂ ਤੋਂ ਰਿਸ਼ਵਤ ਲੈਣ ਲਈ ਉਕਸਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ, ਜਿਸ ਕਰਕੇ ਚੋਣ ਕਮਿਸ਼ਨ ਨੇ ਆਪ ਆਗੂਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਆਪ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਤੇਜ਼ੀ ਨਾਲ ਆਪ ਤੋਂ ਕਿਨਾਰਾ ਕਰਨ ਲੱਗੇ ਹਨ। ਹਰ ਰੋਜ਼ ਆਪ ਆਗੂ ਸੈਂਕੜਿਆਂ ਦੀ ਗਿਣਤੀ ਵਿਚ ਵਰਕਰਾਂ ਸਮੇਤ ਪਾਰਟੀ ਉੱਤੇ ਗੰਭੀਰ ਦੋਸ਼ ਲਾ ਕੇ ਇਸ ਨੂੰ ਅਲਵਿਦਾ ਕਹਿ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ -ਭਾਜਪਾ ਗਠਜੋੜ ਨੂੰ ਤੀਜੀ ਵਾਰ ਸੱਤਾ ਵਿਚ ਲਿਆ ਕੇ ਇਤਿਹਾਸ ਸਿਰਜਣਗੇ।