ਚੰਡੀਗੜ੍ਹ, 23 ਜਨਵਰੀ 2017: ਮਲੇਰਕੋਟਲਾ 'ਚ ਅਕਾਲੀ ਦਲ ਨੂੰ ਉਸ ਵੇਲੇ ਇਕ ਵੱਡਾ ਝਟਕਾ ਲੱਗਿਆ, ਜਦੋਂ ਉਥੋਂ ਬਹੁਤ ਪੁਰਾਣੇ ਅਕਾਲੀ ਆਗੂ ਨਦੀਮ ਅਨਵਰ ਖਾਂ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਕੈਪਟਨ ਅਮਰਿੰਦਰ ਨਾਲ ਮਿੱਲ ਕੇ ਹੀ ਜਨਤਾ ਦੀ ਸੇਵਾ ਕਰਨਗੇ।
ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਨ੍ਹਾਂ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਖਾਂ ਦੇ ਪਾਰਟੀ 'ਚ ਸ਼ਾਮਿਲ ਹੋਣ ਨਾਲ ਅਕਾਲੀ ਦਲ ਖਿਲਾਫ ਲੜਾਈ 'ਚ ਕਾਂਗਰਸ ਨੂੰ ਤਾਕਤ ਮਿਲੇਗੀ।
ਨਦੀਮ ਅਨਵਰ ਖਾਂ, ਸ੍ਰੋਮਣੀ ਅਕਾਲੀ ਦਲ ਦੀ ਜਨਰਲ ਕਾਉਂਸਿਲ ਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਵੀ ਰਹੇ ਹਨ ਅਤੇ ਆਪਣੇ ਪਿਤਾ ਨਾਲ ਵਰ੍ਹਿਆਂ ਤੋਂ ਸ੍ਰੋਅਦ ਦੀ ਸੇਵਾ ਕਰਦੇ ਆਏ ਹਨ। ਲੇਕਿਨ ਪਾਰਟੀ ਵੱਲੋਂ ਮਲੇਰਕੋਟਲਾ ਤੋਂ ਕਿਸੇ ਬਾਹਰੀ ਨੂੰ ਟਿਕਟ ਦੇਣ ਕਾਰਨ ਉਨ੍ਹਾਂ ਦਾ ਸ੍ਰੋਅਦ ਤੋਂ ਮੋਹ ਭੰਗ ਹੋ ਗਿਆ ਸੀ।
ਸਾਬਕਾ ਵਿਧਾਇਕ ਹਾਜੀ ਅਨਵਰ ਅਹਿਮਦ ਖਾਂ ਦੇ ਬੇਟੇ ਨਦੀਮ ਅਨਵਰ ਖਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਾਰਟੀ ਨੇ ਕਈ ਸਾਲਾਂ ਤੋਂ ਸ੍ਰੋਅਦ ਦੀ ਸੇਵਾ ਕਰਦੇ ਆ ਰਹੇ ਵਰਕਰਾਂ ਨੂੰ ਕਿਨਾਰੇ ਕੀਤਾ ਹੈ, ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਸ ਤੋਂ ਪਹਿਲਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਲਿੱਖੀ ਇਕ ਚਿੱਠੀ 'ਚ ਨਦੀਮ ਖਾਂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਸ੍ਰੋਅਦ ਆਪਣੇ ਪੁਰਾਣੇ ਵਰਕਰਾਂ ਨੂੰ ਇੰਨੀ ਅਸਾਨੀ ਨਾਲ ਪਾਸੇ ਕਰ ਰਿਹਾ ਹੈ, ਇਸ ਤੋਂ ਇਹੋ ਪਤਾ ਚੱਲਦਾ ਹੈ ਕਿ ਹੁਣ ਪਾਰਟੀ ਨੂੰ ਉਨ੍ਹਾਂ ਦੇ ਜਜਬੇ ਤੇ ਬਲਿਦਾਨਾਂ ਦੀ ਕੋਈ ਕਦਰ ਨਹੀਂ ਰਹੀ ਹੈ। ਨਦੀਮ ਖਾਂ ਨੇ ਸੁਖਬੀਰ ਦੇ ਉਸ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਬੀਤੇ ਸਾਲਾਂ ਦੌਰਾਨ ਪਾਰਟੀ ਮਲੇਰਕੋਟਲਾ ਦੇ ਮੁਸਲਮਾਨ ਤਬਕੇ 'ਚੋਂ ਕੋਈ ਲਾਇਕ ਆਗੂ ਲੱਭਣ 'ਚ ਕਾਮਯਾਬ ਨਹੀਂ ਹੋ ਪਾਈ ਸੀ।