ਅੰਮਿ੍ਰਤਸਰ, 23 ਜਨਵਰੀ 2017: ਕੈਨੇਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਹੱਕ ਵਿੱਚ ਚੋਣ-ਪ੍ਰਚਾਰ ਕਰਨ ਲਈ ਕੈਨੇਡਾ ਤੋਂ ਆਏ ਐੱਨ.ਆਰ.ਆਈਜ਼ (ਗ਼ੈਰ-ਰਿਹਾਇਸ਼ੀ ਭਾਰਤੀਆਂ) ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਹਮਲੇ ਕੀਤੇ ਕਿਉਕਿ ਕੈਪਟਨ ਨੇ ਉਨਾਂ ਨੂੰ ‘ਬਾਹਰਲੇ ਲੋਕ’ ਆਖਿਆ ਸੀ। ਐੱਨ.ਆਰ.ਆਈਜ਼ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਵੀ ਕੀਤੀ ਹੈ।
ਕੈਨੇਡਾ ’ਚ ‘ਚਲੋ ਪੰਜਾਬ’ ਦੇ ਬਾਨੀਆਂ ਜੋਬਨ ਰੰਧਾਵਾ, ਸੁਰਿੰਦਰ ਮਾਵੀ ਅਤੇ ਜਸਕੀਰਤ ਮਾਨ ਸਮੇਤ ਵੱਡੀ ਗਿਣਤੀ ਵਿੱਚ ਮੌਜੂਦ ਐੱਨ.ਆਰ.ਆਈਜ਼ ਨੇ ਇਸ ਕਰ ਕੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਨਿਖੇਧੀ ਕੀਤੀ ਕਿਉਕਿ ਉਨਾਂ ਨੇ ਇਨਾਂ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਤੋਂ ਬਾਹਰ ਸੁੱਟਣ ਦੀ ਮੰਗ ਕੀਤੀ ਸੀ ਅਤੇ ਉਨਾਂ ਐਲਾਨ ਕੀਤਾ ਕਿ ਉਨਾਂ ਦਾ ਇੱਥੇ ਚੋਣ ਪ੍ਰਚਾਰ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਉਨਾਂ ਕਿਹਾ,‘‘ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਅਮਰਿੰਦਰ ਕੀ ਆਖਦਾ ਹੈ, ਭਾਵੇਂ ਸਾਨੂੰ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਬਦਲੇ ਜੇਲੀਂ ਕਿਉ ਨਾ ਡੱਕ ਦਿੱਤਾ ਜਾਵੇ।’’
ਟੋਰਾਂਟੋ ’ਚ ਆਮ ਆਦਮੀ ਪਾਰਟੀ ਦੇ ਯੂਥ ਕਨਵੀਨਰ ਜੋਬਨ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਕਾਂਗਰਸ ਅਤੇ ਬਾਦਲ ਪਰਿਵਾਰ ਦੇ ਸ਼ਿਕੰਜਿਆਂ ’ਚੋਂ ਮੁਕਤ ਕਰਵਾਉਣ ਲਈ 35,000 ਤੋਂ ਵੱਧ ਐੱਨ.ਆਰ.ਆਈਜ਼ ਸੂਬੇ ਵਿੱਚ ਚੋਣ-ਪ੍ਰਚਾਰ ਕਰਨਗੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਕਰ ਕੇ ਨਿਰਾਸ਼ ਹੋ ਗਏ ਹਨ ਕਿਉਕਿ ਐੱਨ.ਆਰ.ਆਈਜ਼ ਨੇ ਕਾਂਗਰਸ ਨੂੰ ਆਪਣੀ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਮਰਿੰਦਰ ਸਿੰਘ ਪਹਿਲਾਂ ਐੱਨ.ਆਰ.ਆਈਜ਼ ਦੀ ਹਮਾਇਤ ਲੈਣ ਲਈ ਅਮਰੀਕਾ ਅਤੇ ਕੈਨੇਡਾ ਜਾ ਕੇ ਆਏ ਸਨ। ਉਨਾਂ ਨੂੰ ਤਦ ਟੋਰਾਂਟੋ ਅਤੇ ਵੈਨਕੂਵਰ ਅੰਦਰ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ ਸੀ ਅਤੇ ਉਝ ਵੀ ਉੱਥੋਂ ਉਨਾਂ ਨੂੰ ਕੋਈ ਹੁੰਗਾਰਾ ਵੀ ਨਹੀਂ ਮਿਲਿਆ ਸੀ।
ਜੋਬਨ ਰੰਧਾਵਾ ਨੇ ਕੈਪਟਨ ਅਮਰਿੰਦਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਵਿੱਚ ਉਨਾਂ ਦੀਆਂ ਆਪਣੀਆਂ ਜ਼ਮੀਨਾਂ-ਜਾਇਦਾਦਾਂ ਅਤੇ ਪਰਿਵਾਰ ਹਨ ਅਤੇ ਉਨਾਂ ਨੂੰ ਕੋਈ ਹੱਕ ਨਹੀਂ ਕਿ ਉਨਾਂ ਨੂੰ ‘ਬਾਹਰਲੇ ਵਿਅਕਤੀ’ ਕਰਾਰ ਦਿੱਤਾ ਜਾਵੇ। ਉਨਾਂ ਕਿਹਾ ਕਿ ਐੱਨ. ਆਰ.ਆਈਜ਼ ਉਦੋਂ ਤੱਕ ਤਾਂ ਬਹੁਤ ਚੰਗੇ ਸਨ, ਜਦੋਂ ਉਹ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੋਟੀਆਂ ਰਕਮਾਂ ਦਾਨ ਕਰਦੇ ਸਨ ਪਰ ਹੁਣ ਜਦੋਂ ਉਨਾਂ ਆਮ ਆਦਮੀ ਪਾਰਟੀ ਨੂੰ ਆਪਣੀ ਹਮਾਇਤ ਦੇਣੀ ਸ਼ੁਰੂ ਕਰ ਦਿੱਤੀ ਹੈ, ਤਾਂ ਉਹੀ ਐੱਨ.ਆਰ.ਆਈਜ਼ ਹੁਣ ਉਨਾਂ ਦੋਵੇਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ‘ਦਹਿਸ਼ਤਗਰਦ ਜਾਪਣ ਲੱਗ ਪਏ ਹਨ।’
ਉਨਾਂ ਕਿਹਾ ਕਿ ਇੰਗਲੈਂਡ ਦੇ ਐੱਨ.ਆਰ.ਆਈਜ਼ ਦਾ ਦੂਜਾ ਬੈਚ 24 ਜਨਵਰੀ ਨੂੰ ਅੰਮਿ੍ਰਤਸਰ ਦੇ ਹਵਾਈ ਅੱਡੇ ’ਤੇ ਪੁੱਜੇਗਾ ਅਤੇ ਉਹ ਉਸੇ ਦਿਨ ਮਜੀਠਾ ’ਚ ਇੱਕ ‘ਰੋਡ ਸ਼ੋਅ’ ਕੱਢਣਗੇ, ਜਿੱਥੋਂ ਬਿਕਰਮ ਮਜੀਠੀਆ ਚੋਣ ਲੜ ਰਿਹਾ ਹੈ।
ਕੈਨੇਡਾ ’ਚ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਰਿੰਦਰ ਮਾਵੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਐੱਨ.ਆਰ.ਆਈਜ਼ ਤੋਂ ਇਸ ਕਰ ਕੇ ਡਰ ਲੱਗਦਾ ਹੈ ਕਿਉਕਿ ਇੱਕ ਵੀ ਐੱਨ.ਆਰ.ਆਈ. ਨੇ ਇਸ ਵਾਰ ਉਨਾਂ ਨੂੰ ਆਪਣੀ ਹਮਾਇਤ ਨਹੀਂ ਦਿੱਤੀ ਅਤੇ ਇਸੇ ਕਰ ਕੇ ਹੀ ਉਨਾਂ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਪਹਿਲਾਂ ਮੀਡੀਆ ਸਾਹਵੇਂ ਝੂਠਾ ਦਾਅਵਾ ਕੀਤਾ ਸੀ ਕਿ ਕਾਂਗਰਸ ਪਾਰਟੀ ਦੀਆਂ ਚੋਣ ਮੁਹਿੰਮਾਂ ਨੂੰ ਆਪਣੀ ਹਮਾਇਤ ਦੇਣ ਲਈ 400 ਐੱਨ.ਆਰ.ਆਈਜ਼ ਪੰਜਾਬ ਆ ਰਹੇ ਹਨ। ਜੇ ਉਹ ਐੱਨ.ਆਰ.ਆਈਜ਼ ਨੂੰ ਹਮਾਇਤ ਦਾ ਸੱਦਾ ਦੇ ਸਕਦੇ ਹਨ, ਤਾਂ ਫਿਰ ਜੇ ਐੱਨ.ਆਰ.ਆਈਜ਼ ਹੁਣ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦੇ ਰਹੇ ਹਨ, ਤਾਂ ਇਸ ਤੋਂ ਉਨਾਂ ਨੂੰ ਕੀ ਸਮੱਸਿਆ ਹੋ ਗਈ ਹੈ? ਉਨਾਂ ਕਿਹਾ ਕਿ ਹੋਰ ਪਾਰਟੀਆਂ ਵੀ ਐੱਨ.ਆਰ.ਆਈਜ਼ ਦੀ ਹਮਾਇਤ ਲੈਣ ਲਈ ਆਜ਼ਾਦ ਹਨ। ਉਨਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਐੱਨ.ਆਰ.ਆਈਜ਼ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਪਾਰਟੀਆਂ ਦੇ ਆਗੂਆਂ ਨੂੰ ਮੂੰਹ ਨਹੀਂ ਲਾਇਆ।
ਸ੍ਰੀ ਮਾਵੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਹੁਣ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਅੰਦਰਖਾਤੇ ਇੱਕਜੁਟ ਹੋ ਚੁੱਕੇ ਹਨ ਪਰ ਆਮ ਆਦਮੀ ਪਾਰਟੀ ਇਸ ਵਾਰ ਦਿੱਲੀ ਦਾ ਰਿਕਾਰਡ ਵੀ ਤੋੜ ਕੇ 100 ਤੋਂ ਵੱਧ ਸੀਟਾਂ ਜਿੱਤੇਗੀ। ਉਨਾਂ ਕਿਹਾ ਕਿ ਹਵਾ ਇਸ ਵੇਲੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਮਜ਼ਬੂਤ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਰੋਕਣ ’ਚ ਸਫ਼ਲ ਨਹੀਂ ਹੋ ਸਕਣਗੇ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਕੇਵਲ ਬਾਦਲ ਨੂੰ ਬਚਾਉਣ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ ਕਿਉਕਿ ਉੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਵੱਡੇ ਫ਼ਰਕ ਨਾਲ ਜਿੱਤਦੇ ਨਜ਼ਰ ਆ ਰਹੇ ਹਨ।
ਜਸਕੀਰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਭਿ੍ਰਸ਼ਟਾਚਾਰ ਤੇ ਬੇਤੁਕੇ ਸ਼ਾਸਨ ਵਿਰੁੱਧ ਇੱਕ ਇਨਕਲਾਬ ਆਕਾਰ ਲੈਂਦਾ ਜਾ ਰਿਹਾ ਹੈ ਅਤੇ ਸਾਰੇ ਐੱਨ.ਆਰ.ਆਈਜ਼ ਉਸੇ ਇਨਕਲਾਬ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਨ। ਉਨਾਂ ਕਿਹਾ ਕਿ ਪੰਜਾਬ ’ਚ ਆਉਣ ਵਾਲੇ ਬਹੁਤੇ ਐੱਨ.ਆਰ.ਆਈਜ਼ ਪ੍ਰੋਫ਼ੈਸ਼ਨਲ ਹਨ ਅਤੇ ਉਨਾਂ ਨੂੰ ‘ਦਹਿਸ਼ਤਗਰਦ’ ਕਰਾਰ ਦੇਣਾ ਇੱਕ ਵੱਡੀ ਗ਼ਲਤੀ ਹੈ ਤੇ ਐੱਨ.ਆਰ.ਆਈਜ਼ ਦੀ ਬੇਇਜ਼ਤੀ ਹੈ। ਉਨਾਂ ਕਿਹਾ ਕਿ ਇਸ ਬੱਜਰ ਗ਼ਲਤੀ ਅਤੇ ਅਜਿਹੀ ਅਪਮਾਨਜਨਕ ਟਿੱਪਣੀ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਭਿ੍ਰਸ਼ਟਾਚਾਰ ਅਤੇ ਮਾਫ਼ੀਆ ਰਾਜ ਤੋਂ ਅੱਕ ਚੁੱਕੀ ਹੈ, ਇਸੇ ਲਈ ਉਹ ਹੁਣ ਰਾਜ ਵਿੱਚ ਤਬਦੀਲੀ ਚਾਹੁੰਦੀ ਹੈ।
ਬੀਬਾ ਮਾਨ ਨੇ ਕਿਹਾ ਕਿ ਐੱਨ.ਆਰ.ਆਈਜ਼ ਦੀ ਇੱਕੋ-ਇੱਕ ਚਿੰਤਾ ਇਹੋ ਹੈ ਕਿ ਪੰਜਾਬ ਦੀ ਜਨਤਾ ਜਮਹੂਰੀਅਤ ਅਤੇ ਚੰਗੇ ਸ਼ਾਸਨ ਦਾ ਆਨੰਦ ਮਾਣੇ। ਉਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੂਬੇ ਦੀ ਜਨਤਾ ਨੂੰ ਲੁੱਟਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਹੁਣ ਉਸ ਨੂੰ ਬਚਾ ਰਹੇ ਹਨ। ਉਨਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੈਰੀਅਰ ਸਦਾ ਲਈ ਖ਼ਤਮ ਹੋ ਜਾਵੇਗਾ।