ਜਲੰਧਰ, 22 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਐਸ.ਵਾਈ.ਐਲ ਮਾਮਲੇ 'ਚ ਅਦਾਲਤ ਦੇ ਹੁਕਮਾਂ ਦੇ ਉਲੰਘਣ 'ਤੇ ਜੇਲ੍ਹ ਜਾਣ ਵਾਸਤੇ ਤਿਆਰ ਹਨ, ਲੇਕਿਨ ਸੂਬੇ ਤੋਂ ਇਕ ਬੂੰਦ ਪਾਣੀ ਵੀ ਨਹੀਂ ਜਾਣ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਇਥੇ ਸਾਬਕਾ ਫੌਜ਼ੀਆਂ ਨਾਲ ਇਕ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਉਹ ਸਲਾਖਾਂ ਦੇ ਪਿੱਛੇ ਜਾਣ ਲਈ ਤਿਆਰ ਹਨ, ਲੇਕਿਨ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਵਾਸਤੇ ਕਿਸੇ ਵੀ ਹੁਕਮ ਦਾ ਉਲੰਘਣ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਐਸ.ਵਾਈ.ਐਲ ਦੀ ਸਮੱਸਿਆ ਲਈ ਪ੍ਰਕਾਸ਼ ਸਿੰਘ ਬਾਦਲ 'ਤੇ ਦੋਸ਼ ਲਗਾਇਆ ਅਤੇ ਲੋਕਾਂ ਨੂੰ ਸੂਬੇ ਦੇ ਹਿੱਤ 'ਚ ਮਜ਼ਬੂਤ ਫੈਸਲੇ ਲੈਣ ਵਾਸਤੇ ਕਾਂਗਰਸ ਨੂੰ ਦੋ-ਤਿਹਾਈ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਕੋਲ ਖੁਦ ਆਪਣੇ ਵਾਸਤੇ ਵੀ ਘੱਟ ਪਾਣੀ ਹੈ ਤੇ ਪੁਨਰਗਠਨ ਦੌਰਾਨ ਸੂਬੇ ਨਾਲ ਕੀਤੇ ਗਏ ਅੰਨਿਆਂ 'ਤੇ ਵਰ੍ਹੇ, ਜਿਸ ਕਾਰਨ ਪੰਜਾਬ ਨੂੰ 60 ਪ੍ਰਤੀਸ਼ਤ ਜ਼ਮੀਨ ਤਾਂ ਮਿਲੀ, ਪਰ ਪਾਣੀ ਸਿਰਫ 40 ਪ੍ਰਤੀਸ਼ਤ ਮਿਲਿਆ, ਕਿਉਂਕਿ ਹਰਿਆਣਾ ਨਾਲ ਯਮੁਨਾ ਦਾ ਪਾਣੀ ਨਹੀਂ ਵੰਡਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਐਸ.ਵਾਈ.ਐਲ ਦਾ ਨਿਰਮਾਣ ਹੋ ਗਿਆ, ਤਾਂ ਦੱਖਣੀ ਪੰਜਾਬ ਦੀ 10 ਲੱਖ ਏਕੜ ਜ਼ਮੀਨ ਸੁੱਕ ਜਾਵੇਗੀ ਅਤੇ ਅਜਿਹਾ ਹੋਣ ਤੋਂ ਰੋਕਣ ਲਈ ਵਿਧਾਨ ਸਭਾ ਅੰਦਰ ਬਹੁਮਤ ਰਾਹੀਂ ਅਗਲੀ ਕਾਂਗਰਸ ਸਰਕਾਰ ਸਖ਼ਤ ਕਾਨੂੰਨ ਲੈ ਕੇ ਆਵੇਗੀ।
ਇਸ ਦੌਰਾਨ, ਕੈਪਟਨ ਅਮਰਿੰਦਰ ਸਾਬਕਾ ਫੌਜ਼ੀਆਂ ਨਾਲ ਕੀਤੇ ਗਏ ਮਤਰੇਈ ਮਾਂ ਵਾਲੇ ਸਲੂਕ ਲਈ ਮੋਦੀ ਸਰਕਾਰ ਉਪਰ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਲੰਬਾ ਵਕਤ ਬੀਤ ਜਾਣ ਦੇ ਬਾਵਜੂਦ ਓ.ਆਰ.ਓ.ਪੀ ਮੁੱਦੇ 'ਤੇ ਸਾਬਕਾ ਫੌਜ਼ੀਆਂ ਦਾ ਸਮਰਥਨ ਕਰਨ 'ਚ ਅਸਫਲ ਰਹੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਹੋਰ ਚੀਜ਼ਾਂ ਸਮੇਤ ਤਨਖਾਹ ਕਮਿਸ਼ਨ ਅੰਦਰ ਖਾਮੀਆਂ ਤੇ ਸਿਵਲ ਸੇਵਾਵਾਂ ਮੁਕਾਬਲੇ ਰੱਖਿਆ ਅਹੁਦਿਆਂ ਨੂੰ ਛੋਟਾ ਕਰਦਿਆਂ, ਰੱਖਿਆ ਫੌਜ਼ੀਆਂ ਪ੍ਰਤੀ ਹਰ ਤਰ੍ਹਾਂ ਦਾ ਅਪਮਾਨ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਅਧਿਕਾਰਿਕ ਸਮਾਗਮਾਂ 'ਚ ਫੌਜ਼ਾਂ ਦੇ ਮੁਖੀ 18ਵੀਂ ਕਤਾਰ 'ਚ ਬੈਠਦੇ ਹਨ, ਜਦਕਿ ਖੁਦ ਪਾਰਿਕਰ ਬਾਥਰੂਮ ਵਾਲੀਆਂ ਚੱਪਲਾਂ 'ਚ, ਜੇਬ੍ਹ 'ਚ ਹੱਥ ਪਾ ਕੇ ਗਾਰਡ ਆਫ ਆਨਰ ਲੈ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਰੱਖਿਆ ਫੌਜ਼ੀਆਂ ਤੇ ਸਾਬਕਾ ਫੌਜ਼ੀਆਂ ਪ੍ਰਤੀ ਰਵੱਈਆ ਪੂਰੀ ਤਰ੍ਹਾਂ ਨਾਲ ਸ਼ਰਮਨਾਕ ਹੈ। ਉਨ੍ਹਾਂ ਨੇ ਬਾਬੂਆਂ (ਅਫਸਰਸ਼ਾਹੀ) 'ਤੇ ਫੌਜ਼ ਦਾ ਪ੍ਰਭਾਵ ਘੱਟ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਤੇ ਵਾਅਦਾ ਕੀਤਾ ਕਿਚੋਣਾਂ ਤੋਂ ਬਾਅਦ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਰੱਖਿਆ ਫੌਜ਼ੀਆਂ ਤੇ ਸਾਬਕਾ ਫੌਜ਼ੀਆਂ ਦੀ ਭਲਾਈ ਵਾਸਤੇ ਉਨ੍ਹਾਂ ਨਾਲ ਚੋਣਾਂ ਮਨੋਰਥ ਪੱਤਰ 'ਚ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕਰੇਗੀ।
ਕੈਪਟਨ ਅਮਰਿੰਦਰ ਨੇ ਸਾਬਕਾ ਫੌਜ਼ੀਆਂ ਨੂੰ ਸੂਬੇ ਦੀ ਮੁੱਖ ਧਾਰਾ 'ਚ ਲਿਆਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਨੂੰ ਲਾਭਦਾਇਕ ਰੋਜ਼ਗਾਰ ਮੁਹੱਈਆ ਕਰਵਾਉਣ ਵਾਸਤੇ ਉਨ੍ਹਾਂ ਦੀ ਦੂਰਅੰਦੇਸ਼ੀ ਗਾਰਡੀਅੰਸ ਆਫ ਗਵਰਨੇਂਸ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਸਖ਼ਤੀ ਨਾਲ ਲਾਗੂ ਕਰਨ ਲਈ ਪ੍ਰਯੋਗ ਕੀਤਾ ਜਾਵੇਗਾ।
ਜਦਕਿ ਪੰਜਾਬ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਦੀ ਸ਼ੈਅ ਪ੍ਰਾਪਤ ਨਸ਼ਾ ਮਾਫੀਆ ਸਮੇਤ ਬੇਰੁਜ਼ਗਾਰੀ ਨੇ ਸੂਬੇ ਦੇ ਨੌਜ਼ਵਾਨਾਂ ਨੂੰ ਬਰਬਾਦੀ ਦੀ ਨਾਜੁਕ ਸਥਿਤੀ 'ਚ ਧਕੇਲ ਦਿੱਤਾ ਹੈ। ਉਨ੍ਹਾਂ ਨੇ ਸੂਬੇ ਦੀ ਸੱਤਾ ਸੰਭਾਲਣ ਤੋਂ ਚਾਰ ਹਫਤਿਆਂ ਅੰਦਰ ਨਸ਼ਿਆਂ ਦਾ ਅੰਤ ਕਰਨ ਸਬੰਧੀ ਆਪਣਾ ਵਾਅਦਾ ਦੁਹਰਾਇਆ। ਉਨ੍ਹਾਂ ਨੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਪਾਰਟੀ ਦੇ ਵੱਖ ਵੱਖ ਵਾਅਦਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ 'ਚ ਨੌਕਰੀਆਂ, ਬੇਰੁਜ਼ਗਾਰੀ ਭੱਤਾ ਤੇ ਉਨ੍ਹਾਂ ਨੂੰ ਵਿਸ਼ਵ ਨਾਲ ਜੋੜਨ ਲਈ ਸਮਾਰਟ ਫੋਨ ਦੇਣਾ ਸ਼ਾਮਿਲ ਹੈ।
ਕੈਪਟਨ ਅਮਰਿੰਦਰ ਨੇ ਦਬਾਅ ਝੇਲ ਰਹੇ ਕਿਸਾਨ ਸਮੁਦਾਅ ਨੂੰ ਬਚਾਉਣ ਲਈ ਸਾਰੇ ਖੇਤੀਬਾੜੀ ਕਰਜ਼ੇ ਮੁਆਫ ਕਰਨ ਸਬੰਧੀ ਆਪਣੇ ਵਾਅਦੇ ਨੂੰ ਦੁਹਰਾਇਆ, ਜਿਹੜਾ ਖੁਦਕੁਸ਼ੀ ਦੇ ਰੂਪ 'ਚ ਆਪਣਾ ਅੰਤ ਕਰ ਰਿਹਾ ਹੈ। ਉਹ ਬਾਦਲ ਸਰਕਾਰ ਉਪਰ ਵੀ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਵਾਧਾ ਦੇਣ ਲਈ ਸੰਪ੍ਰਦਾਇਕ ਅਧਾਰ 'ਤੇ ਲੋਕਾਂ ਨੂੰ ਵੰਡਣ ਕਾਰਨ ਵਰ੍ਹੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਪੁਲਿਸ ਮੁਲਾਜ਼ਮਾਂ ਨੂੰ ਵਿਅਰਥ ਵੀ.ਵੀ.ਆਈ.ਪੀ ਡਿਊਟੀਆਂ ਤੋਂ ਹਟਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਵਿਅਕਤੀਗਤ ਤੇ ਪਰਿਵਾਰਿਕ ਹਿੱਤਾਂ ਨੂੰ ਵਾਧਾ ਦੇਣ ਲਈ ਸੂਬੇ ਦੇ ਸੰਸਾਧਨਾਂ ਨੂੰ ਗਹਿਣੇ ਰੱਖ ਦਿੱਤਾ ਹੈ ਅਤੇ ਲੋਕਾਂ ਦਾ ਪੱਧਰ ਉੱਚਾ ਚੁੱਕਣ ਲਈ ਪਾਰਟੀ ਮੈਨਿਫੈਸਟੋ 'ਚ ਦਰਜ਼ ਨੌ ਨੁਕਤਿਆਂ ਰਾਹੀਂ ਸੂਬੇ ਨੂੰ ਮੌਜ਼ੂਦਾ ਬਦਹਾਲ ਸਥਿਤੀ ਤੋਂ ਬਾਹਰ ਕੱਢਣ ਦਾ ਵਾਅਦਾ ਕੀਤਾ।
ਜਨਰਲ ਸਤਬੀਰ ਸਿੰਘ ਨੇ ਸਾਬਕਾ ਫੌਜ਼ੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕੈਪਟਨ ਅਮਰਿੰਦਰ ਦਾ ਉਨ੍ਹਾਂ ਦੇ ਪੂਰੀ ਤਰ੍ਹਾਂ ਸਮਰਥਨ ਵਾਸਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਖੀ ਸਿਰਫ ਇਕ ਸਾਬਕਾ ਫੌਜ਼ੀ (ਕੈਪਟਨ ਅਮਰਿੰਦਰ) ਵੱਲੋਂ ਹੀ ਕੀਤੀ ਜਾ ਸਕਦੀ ਹੈ, ਕਿਉਂਕਿ ਸਿਰਫ ਇਕ ਸਿਪਾਹੀ ਹੀ ਦੂਜੇ ਸਿਪਾਹੀ ਦਾ ਦਰਦ ਸਮਝ ਸਕਦਾ ਹੈ।
ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਲਈ ਸਮਰਥਨ ਤੇ ਵੋਟ ਮੰਗਦਿਆਂ, ਜਨਰਲ ਸਤਬੀਰ ਨੇ ਕਿਹਾ ਕਿ ਸੂਬੇ ਨੂੰ ਅਜਿਹੀ ਅਗਵਾਈ ਦੀ ਲੋੜ ਹੈ, ਜਿਹੜੇ ਲੋਕ ਇਥੇ ਪੈਦਾ ਹੋਏ ਹੋਣ ਤੇ ਪੰਜਾਬੀਆਂ ਦੇ ਦਰਦ ਨੂੰ ਸਮਝ ਸਕਦੇ ਹੋਣ। ਉਨ੍ਹਾਂ ਨੇ ਪੰਜਾਬ ਦਾ ਕੈਪਟਨ, ਕੈਪਟਨ ਅਮਰਿੰਦਰ ਸਿੰਘ, ਦੇ ਨਾਅਰਿਆਂ ਦੌਰਾਨ ਕਿਹਾ ਕਿ ਸੂਬੇ ਨੂੰ ਅਜਿਹੀ ਅਗਵਾਈ ਦੀ ਲੋੜ ਹੈ, ਜਿਹੜੀ ਸਾਬਕਾ ਫੌਜ਼ੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਸੋਚੇ ਤੇ ਉਹ ਕੈਪਟਨ ਅਮਰਿੰਦਰ ਵਰਗੇ ਨਿਡਰ ਆਗੂ ਹਨ।
ਜਨਰਲ ਸਤਬੀਰ ਨੇ ਮੋਦੀ ਸਕਰਾਰ ਉਪਰ ਸਾਬਕਾ ਫੌਜ਼ੀਆਂ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਅਸੰਵੇਦਨਸ਼ੀਲ ਹੋਣ ਤੇ ਉਨ੍ਹਾਂ ਨਾਲ ਓ.ਆਰ.ਓ.ਪੀ ਦੇ ਮੁੱਦੇ ਉਪਰ ਧੋਖਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ 588 ਦਿਨਾਂ ਦੀ ਲੜੀਵਾਰ ਭੁੱਖ ਹੜ੍ਹਤਾਲ ਤੋਂ ਬਾਅਦ ਵੀ ਸਾਬਕਾ ਫੌਜ਼ੀਆਂ ਦੇ ਬਚਾਅ 'ਚ ਸਾਹਮਣੇ ਆਉਣ 'ਚ ਅਸਫਲ ਰਹੀ ਹੈ। ਇਥੋਂ ਤੱਕ ਕਿ ਬੀਤੇ ਅੱਠ ਦਿਨਾਂ ਤੋਂ ਜੰਤਰ ਮੰਤਰ 'ਤੇ ਮਰਨ ਵਰਤ 'ਤੇ ਬੈਠੇ ਇਕ ਔਰਤ ਸਮੇਤ ਤਿੰਨ ਸਾਬਕਾ ਫੌਜ਼ੀਆਂ ਦੀ ਹਾਲਤ ਵੀ ਮੋਦੀ ਸਰਕਾਰ ਤੱਕ ਪਹੁੰਚਣ 'ਚ ਅਸਫਲ ਰਹੀ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਕੈਪਟਨ ਅਮਰਿੰਦਰ ਨਿਆਂ ਦੀ ਇਸ ਲੜਾਈ 'ਚ ਉਨ੍ਹਾਂ ਦਾ ਸਾਥ ਦੇਣਗੇ।