ਮਲੇਰਕੋਟਲਾ/ਨਾਭਾ, 24 ਜਨਵਰੀ, 2017 : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀ ਭਰੋਸੇਯੋਗਤਾ ਨੇ ਇਸ ਦੇ ਹੱਕ ਵਿਚ ਲਹਿਰ ਖੜ੍ਹੀ ਕਰ ਦਿੱਤੀ ਹੈ ਅਤੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੂਰੇ ਹੋਣ ਦੀ ਉਡੀਕ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਸਾਡਾ ਆਪਣੇ ਸਾਰੇ ਵਾਅਦਿਆਂ ਨੂੰ ਪੂਰੇ ਕਰਨ ਦਾ ਰਿਕਾਰਡ ਹੈ। ਅਸੀਂ ਅਜਿਹੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਹਨਾਂ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਫਾਇਦਾ ਪਹੁੰਚਿਆ ਹੈ। ਅਸੀਂ ਆਟਾ-ਦਾਲ ਅਤੇ ਸ਼ਗਨ ਵਰਗੀਆਂ ਸਕੀਮਾਂ ਸ਼ੁਰੂ ਕੀਤੀਆਂ। ਅਸੀ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦੇਣੀ ਸ਼ੁਰੂ ਕੀਤੀ। ਲੋਕ ਜਾਣਦੇ ਹਨ ਕਿ ਬਾਦਲ ਸਾਹਬ ਜਿਹੜੀ ਗੱਲ ਮੂੰਹੋਂ ਕੱਢ ਦਿੰਦੇ ਹਨ, ਉਸ ਤੋਂ ਕਦੇ ਵੀ ਨਹੀਂ ਮੁੱਕਰਦੇ। ਇਹੀ ਕਾਰਣ ਹੈ ਕਿ ਲੋਕੀ ਭਰੋਸਾ ਕਰਦੇ ਹਨ ਕਿ ਅਸੀਂ ਜਿਹੜੇ ਅੱਜ ਵਾਅਦੇ ਕੀਤੇ ਹਨ, ਉਹਨਾਂ ਨੂੰ ਜਰੂਰ ਪੂਰਾ ਕਰਾਂਗੇ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਲਈ ਗਰੀਬ ਤਬਕਿਆਂ ਦੀ ਲੋੜਾਂ ਬਹੁਤ ਅਹਿਮੀਅਤ ਰੱਖਦੀਆਂ ਹਨ। ਉਹਨਾਂ ਕਿਹਾ ਕਿ ਸਿਰਫ ਅਨੁਸੂਚਿਤ ਅਤੇ ਪਛੜੀਆਂ ਸ੍ਰæੇਣੀਆਂ ਹੀ ਨਹੀਂ ਸਗੋਂ ਆਮ ਸ੍ਰæੇਣੀਆਂ ਦੇ ਗਰੀਬ ਤਬਕੇ ਵੀ ਸਮਾਜ ਭਲਾਈ ਸਕੀਮਾਂ ਦਾ ਲਾਭ ਲੈਣ ਦੇ ਯੋਗ ਹੋਣਗੇ। ਇਹਨਾਂ ਵਿਚ ਬੁਢਾਪਾ ਪੈਨਸ਼ਨ, ਆਟਾ-ਦਾਲ, ਸ਼ਗਨ ਸਕੀਮ ਦੇ ਨਾਲ 5 ਕਿਲੋ ਖੰਡ ਅਤੇ 2 ਕਿਲੋ ਘਿਓ ਦੇਣਾ ਵੀ ਸ਼ਾਮਿਲ ਹੈ।
ਸ਼ ਬਾਦਲ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਉਹਨਾਂ ਦੀ ਸਰਕਾਰ ਸਾਰੇ ਬੇਘਰੇ ਲੋਕਾਂ ਲਈ ਘਰ ਬਣਾਉਣ ਵਾਸਤੇ 2500 ਕਰੋੜ ਖਰਚੇਗੀ। ਅਸੀਂ ਪੂਰੇ ਸੂਬੇ ਵਿਚ 2500 ਸਕਿੱਲ ਸੈਂਟਰ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਹੈ। ਇੱਕ ਸੈਂਟਰ ਪੰਜ ਪਿੰਡਾਂ ਅਤੇ ਸ਼ਹਿਰਾਂ ਵਿਚ ਤਿੰਨ ਵਾਰਡਾਂ ਦੀਆਂ ਲੋੜਾਂ ਦੀ ਪੂਰਤੀ ਕਰੇਗਾ। ਇਹਨਾਂ ਸੈਂਟਰਾਂ ਦਾ ਮੰਤਵ ਨੌਜਵਾਨਾਂ ਨੂੰ ਵਿਭਿੰਨ ਕਿੱਤਾਕਾਰੀ ਕੋਰਸਾਂ ਦੀ ਸਿਖਲਾਈ ਦੇਣਾ ਹੈ। ਇੱਕ ਵਾਰ ਸਿਖਲਾਈ ਲੈਣ ਮਗਰੋਂ ਉਹ ਸੰਬੰਧਿਤ ਸੈਕਟਰਾਂ ਵਿਚ ਰੁਜ਼ਗਾਰ ਹਾਸਿਲ ਕਰ ਸਕਦੇ ਹਨ। ਜੇ ਉਹ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦੇ ਹਨ ਤਾਂ ਅਸੀਂ ਉਹਨਾਂ ਨੂੰ 10 ਲੱਖ ਦਾ ਵਿਆਜ ਮੁਕਤ ਕਰਜ਼ਾ ਦੇਵਾਂਗੇ, ਜਿਹੜਾ 10 ਸਾਲਾਂ ਵਿਚ ਮੋੜਣਯੋਗ ਹੋਵੇਗਾ।
ਕਾਂਗਰਸ ਬਾਰੇ ਬੋਲਦਿਆਂ ਸ਼ ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕਿੰਨੇ ਵਾਰ ਮਲੇਰ ਕੋਟਲੇ ਜਾਂ ਨਾਭੇ ਆਇਆ ਹੈ? ਉਹ ਕਦੇ ਆਪਣੇ ਪਟਿਆਲਾ ਹਲਕੇ ਦੇ ਵਾਰਡਾਂ ਅੰਦਰ ਨਹੀਂ ਗਿਆ। ਤੁਸੀਂ ਉਸ ਤੋਂ ਤੁਹਾਡੇ ਕੋਲ ਆਉਣ ਦੀ ਉਮੀਦ ਕਿਵੇਂ ਰੱਖ ਸਕਦੇ ਹੋ?
ਸ਼ ਬਾਦਲ ਨੇ ਮਲੇਰ ਕੋਟਲਾ ਅਤੇ ਨਾਭਾ ਵਿਚ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ। ਮਲੇਰ ਕੋਟਲਾ ਵਿਚ ਹਜ਼ਾਰਾਂ ਗਿਣਤੀ ਵਿਚ ਨੌਜਵਾਨ ਆਪਣੇ ਹਰਮਨ ਪਿਆਰੇ ਆਗੂ ਨੂੰ ਮਿਲਣ ਲਈ ਆਏ ਸਨ ਅਤੇ ਉਸ ਦਾ ਸਵਾਗਤ ਕਰਨ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਸਨ। ਨਾਭਾ ਵਿਚ ਸ਼ ਬਾਦਲ ਨੇ ਸੁਰੱਖਿਆ ਘੇਰੇ ਤੋਂ ਬਾਹਰ ਨਿਕਲ ਕੇ ਆਮ ਲੋਕਾਂ ਨਾਲ ਗੱਲਬਾਤ ਕੀਤੀ।