ਚੰਡੀਗੜ੍ਹ, 24 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਕੱਟੜਵਾਦੀਆਂ ਨਾਲ ਮਿਲੇ ਹੋਣ ਦੇ ਖੁਲਾਸੇ ਤੋਂ ਬਾਅਦ ਉਨਾਂ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਬਾਦਲ ਨੇ ਆਪਣੇ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ 80 ਦੇ ਦਹਾਕੇ ਵਿੱਚ ਹਿੰਸਾ ਭੜਕਾਉਣ ਲਈ ਕੰਮ ਕੀਤਾ।
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅਮਰੀਕਾ ਦੀ ਜਾਸੂਸੀ ਏਜੰਸੀ ਸੀਆਈਏ ਦੇ ਕਾਗਜਾਂ ਦੇ ਖੁਲਾਸੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਕਾ ਨੀਲਾ ਤਾਰਾ ਅਤੇ ਪੰਜਾਬ ਵਿੱਚ ਕਾਲੇ ਦੌਰ ਸਮੇਂ ਫੈਲੇ ਅੱਤਵਾਦ ਬਾਰੇ ਤਾਜਾ ਖੁਲਾਸਾ ਹੋਣ ਮਗਰੋਂ ਬਾਦਲ ਦਾ ਮੌਕਾਪ੍ਰਸਤੀ ਵਾਲਾ ਚਿਹਰਾ ਸਾਹਮਣੇ ਆ ਗਿਆ ਹੈ। ‘ਇੰਡੀਆ ਐਂਡ ਸਿੱਖ ਚੈਲੇਂਜ’ ਨਾਂਅ ਦਾ ਡੌਕੂਮੈਂਟ ਸੀਆਈਏ ਦੀ ਵੈਬਸਾਇਟ ਉਤੇ ਮੌਜੂਦ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸੂਬੇ ਦੇ ਭਵਿੱਖ ਦੇ ਖਿਲਾਫ ਆਪਣੇ ਸਿਆਸੀ ਕਰੀਅਰ ਨੂੰ ਬਚਾਉਣ ਲਈ ਬਾਦਲ ਨੇ ਕੱਟੜਵਾਦੀਆਂ ਦਾ ਸਾਥ ਦਿੱਤਾ।
ਆਪ ਆਗੂ ਨੇ ਕਿਹਾ ਕਿ ਧਰਮ ਅਤੇ ਵੱਖਰੇ ਸੂਬੇ ਦੇ ਨਾਂਅ ਉਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਕੇਵਲ ਪ੍ਰਕਾਸ਼ ਸਿੰਘ ਬਾਦਲ ਜਿੰਮੇਵਾਰ ਸੀ। ਉਨਾਂ ਕਿਹਾ ਕਿ ਉਸ ਕਾਲੇ ਦੌਰ ਦੌਰਾਨ ਹਜਾਰਾਂ ਬੇਦੋਸ਼ੇ ਨੌਜਵਾਨ, ਸਿੱਖ ਅਤੇ ਹਿੰਦੂਆਂ ਦਾ ਕਤਲ ਹੋਇਆ ਸੀ। ਇਸ ਗੜਬੜ ਲਈ ਬਾਦਲ ਪੂਰੀ ਤਰਾਂ ਜਿੰਮੇਵਾਰ ਸੀ ਅਤੇ ਕਈ ਦਹਾਕਿਆਂ ਮਗਰੋਂ ਹੁਣ ਵੀ ਪੰਜਾਬ ਇਸਦਾ ਸੰਤਾਪ ਭੋਗ ਰਿਹਾ ਹੈ।
ਵੜੈਚ ਨੇ ਬੀਜੇਪੀ ਉਤੇ ਦੋਗਲੇਪਨ ਦਾ ਆਰੋਪ ਲਗਾਉਂਦਿਆਂ ਕਿਹਾ ਕਿ ਇੱਕ ਪਾਸੇ ਤਾਂ ਬੀਜੇਪੀ ਨੇ ਅੱਤਵਾਦ ਪੀੜਤਾਂ ਨੂੰ 5-5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ, ਦੂਜੇ ਪਾਸੇ ਬੀਜੇਪੀ ਨੇ ਉਨਾਂ ਆਗੂਆਂ ਨਾਲ ਹੱਥ ਮਿਲਾਇਆ ਹੋਇਆ ਹੈ, ਜੋ ਕੱਟੜਵਾਦੀਆਂ ਦੇ ਨਾਲ ਮਿਲੇ ਹੋਏ ਸਨ। ਉਨਾਂ ਕਿਹਾ ਕਿ ਬੀਜੇਪੀ ਨੂੰ ਅਕਾਲੀ ਦਲ ਨਾਲ ਗਠਜੋੜ ਕਾਇਮ ਰੱਖਣ ਦਾ ਉਦੇਸ਼ ਦੱਸਣਾ ਚਾਹੀਦਾ ਹੈ। ਇਸਦੇ ਨਾਲ ਹੀ ਵੜੈਚ ਨੇ ਸੀਆਈਏ ਕਾਗਜਾਂ ਦੇ ਹੋਏ ਖੁਲਾਸੇ ਬਾਰੇ ਭਾਜਪਾ ਦਾ ਸਪਸ਼ਟੀਕਰਣ ਮੰਗਿਆ ਹੈ।
ਵੜੈਚ ਨੇ ਕਿਹਾ ਕਿ ਬਾਦਲ ਵੱਲੋਂ ਜੋ 36 ਸਾਲ ਪਹਿਲਾਂ ਕੀਤਾ ਗਿਆ ਸੀ, ਉਸਦੇ ਬੇਟੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਉਤੇ ਤਰਾਂ ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਇਸੇ ਕੋਸ਼ਿਸ਼ ਦਾ ਹਿੱਸਾ ਹਨ। ਉਨਾਂ ਕਿਹਾ ਕਿ ਬਾਦਲ ਪਰਿਵਾਰ ਹਾਲ ਹੀ ਦੇ ਇਤਿਹਾਸ ਵਿੱਚ ਸਭ ਤੋਂ ਜਿਆਦਾ ਨਫਰਤਯੋਗ ਪਰਿਵਾਰ ਰਿਹਾ ਹੈ ਅਤੇ ਉਸ ਵੱਲੋਂ ਕੀਤੇ ਪਾਪ ਮੁਆਫੀ ਲਾਇਕ ਨਹੀਂ ਹਨ।
ਵੜੈਚ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕੱਟੜਵਾਦੀਆਂ ਨਾਲ ਸਬੰਧ ਦੱਸ ਕੇ ਉਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸਿਆਸੀ ਲਾਹਾ ਲੈਣ ਲਈ ਕੈਨੇਡਾ ਦੇ ਐਨਆਰਆਈ ਭਾਈਚਾਰੇ ਨੂੰ ਅੱਤਵਾਦੀ ਗਰਦਾਨਿਆ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਖੁਦ ਆਪਣੇ ਸਿਆਸੀ ਹਿੱਤਾਂ ਲਈ ਕੱਟੜਵਾਦੀ ਸਮੂਹਾਂ ਅਤੇ ਗੈਂਗਸਟਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਸੀਆਈਏ ਕਾਗਜ ਸੁਖਬੀਰ ਦੇ ਚਿਹਰੇ ਉਤੇ ਚਪੇੜ ਹਨ। ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਚੋਣਾਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ, ਬੇਈਮਾਨੀ ਅਤੇ ਮੌਕਾਪ੍ਰਸਤ ਅਕਾਲੀ-ਭਾਜਪਾ ਗਠਜੋੜ ਦਾ ਅੰਤ ਕਰਨ ਲਈ ਲੜੀਆਂ ਜਾ ਰਹੀਆਂ ਹਨ।