ਚੰਡੀਗੜ੍ਹ 25 ਜਨਵਰੀ 2017: ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੀਆਂ ਨਜ਼ਰਾਂ ਵਿੱਚ ਪੰਜਾਬ ਦੇ ਆਮ ਲੋਕਾਂ ਦੀ ਵੁੱਕਤ ਇੱਕ ਜੋਕਰ ਤੋਂ ਵੱਧ ਨਹੀਂ ਹੈ। ਇਹ ਨੰਗਾ ਚਿੱਟਾ ਸੱਚ ਅੱਜ ਕੱਲ੍ਹ ਮੋਤੀ ਮਹਿਲ ਦੇ ਅੱਗੇ ਤੋਂ ਲੰਘਦਿਆਂ ਹਰ ਕਿਸੇ ਦੀਆਂ ਅੱਖਾਂ ਨੂੰ ਚੁਭਦਾ ਹੈ।
ਦੱਸਣਯੋਗ ਹੈਕ ਅਮਰਿੰਦਰ ਸਿੰਘ ਦੇ ਮਹਿਲ ਅੱਗੋਂ ਲੰਘਦਿਆਂ ਉਸ ਸਮੇਂ ਨਜ਼ਰਾਂ ਸ਼ਰਮ ਨਾਲ ਝੁਕ ਜਾਂਦੀਆਂ ਹਨ, ਜਦੋਂ ਇੱਕ ਪੰਜਾਹ ਸਾਲ ਦਾ ਗਰੀਬ ਬਜ਼ੁਰਗ ਕਾਂਗਰਸੀ ਝੰਡੇ ਦਾ ਚੋਲਾ ਪਹਿਨੀ ਹੱਥ ਜੋੜ ਕੇ ਖੜ੍ਹਿਆ ਨਜ਼ਰ ਆਉਂਦਾ ਹੈ। ਉਹ ਆਪਣੀ ਛਾਤੀ ਉੱਤੇ ਮਹਾਰਾਜੇ ਦੀ ਫੋਟੋ ਚਿਪਕਾ ਕੇ ਸਾਰਾ ਦਿਨ ਮਹਿਲ ਅੱਗੋਂ ਲੰਘਦੇ ਲੋਕਾਂ ਕੋਲੋਂ ਕਾਂਗਰਸ ਵਾਸਤੇ ਵੋਟਾ ਮੰਗਦਾ ਹੈ। ਉਹ ਗਰੀਬ ਬਜ਼ੁਰਗ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਲਈ ਸਰਦੀ ਵਿਚ ਕਦੇ ਹੱਥ ਜੋੜਦਾ ਹੈ, ਕਦੇ ਝੰਡਾ ਫੜ ਕੇ ਨੱਚਣ ਲੱਗ ਜਾਂਦਾ ਹੈ ਅਤੇ ਕਦੇ ਜੋਕਰ ਬਣ ਕੇ ਲੰਘਦੇ ਲੋਕਾਂ ਦਾ ਮਨੋਰੰਜਨ ਕਰਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੀ ਪੰਜਾਬ ਕਾਂਗਰਸ ਦਾ ਪ੍ਰਧਾਨ ਕਿਰਾਏ 'ਤੇ ਮਜ਼ਦੂਰ ਰੱਖ ਕੇ ਉਹਨਾਂ ਕੋਲੋਂ ਕਾਂਗਰਸ ਵਾਸਤੇ ਵੋਟਾਂ ਮੰਗਵਾ ਰਿਹਾ ਹੈ। ਸਵਾਲ ਇਹ ਹੈ ਕਿ ਜਿਹੜਾ ਵਿਅਕਤੀ ਗਰੀਬ ਲੋਕਾਂ ਦੇ ਘਰਾਂ ਵਿਚ ਜਾ ਕੇ ਵੋਟਾਂ ਮੰਗਣ ਤੋਂ ਸ਼ਰਮ ਮਹਿਸੂਸ ਕਰਦਾ ਹੋਵੇ, ਉਹ ਮੁੱਖ ਮੰਤਰੀ ਬਣਨ ਮਗਰੋਂ ਆਮ ਆਦਮੀ ਵੱਲ ਕਿੰਨੀ ਕੁ ਤਵੱਜੋ ਦੇਵੇਗਾ?
ਅਮਰਿੰਦਰ ਸਿੰਘ ਦੇ ਰਵੱਈਏ ਤੋਂ ਸਾਫ ਝਲਕਦਾ ਹੈ ਕਿ ਉਹ ਗਰੀਬ ਲੋਕਾਂ ਨੂੰ ਜੋਕਰ ਤੋਂ ਵੱਧ ਨਹੀਂ ਸਮਝਦਾ। ਆਮ ਲੋਕਾਂ ਦੇ ਦੁੱਖਾਂ-ਤਕਲੀਫਾਂ ਦੀ ਉਸ ਨੂੰ ਰੱਤੀ ਭਰ ਵੀ ਸਮਝ ਨਹੀਂ ਹੈ। ਇਸ ਕਰਕੇ ਹੀ ਪਿਛਲੀ ਕਾਂਗਰਸ ਸਰਕਾਰ ਵੇਲੇ ਮੁਫਤ ਬਿਜਲੀ ਅਤੇ ਸ਼ਗਨ ਸਕੀਮ ਵਰਗੀਆਂ ਸਾਰੀਆਂ ਸਹੂਲਤਾਂ ਖਤਮ ਕਰ ਦਿੱਤੀਆਂ ਗਈਆਂ ਸਨ।
ਇਸ ਦੇ ਨਾਲ ਹੀ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਖਿਲਾਫ ਕੀਤੀਆਂ ਜਾ ਰਹੀਆਂ ਇਤਰਾਜ਼ਯੋਗ ਟਿੱਪਣੀਆਂ ਨਾਲ ਵੀ ਲੋਕਾਂ ਵਿਚ ਗਲਤ ਸੁਨੇਹਾ ਜਾ ਰਿਹਾ ਹੈ। ਜਦੋਂ ਅਮਰਿੰਦਰ ਕੁੱਟ ਮਾਰ ਕਰਨ ਦੀਆਂ ਗੱਲਾਂ ਕਰਦਾ ਹੈ ਤਾਂ ਲੋਕ ਹੱਸਦੇ ਹਨ ਕਿ ਜਿਹੜੇ ਵਿਅਕਤੀ ਨੂੰ ਦੋ ਬੰਦੇ ਫੜ ਕੇ ਖੜ੍ਹਾ ਕਰਦੇ ਹਨ, ਉਹ ਅਜਿਹੀਆਂ ਮੂਰਖਤਾ-ਭਰੀਆਂ ਗੱਲਾਂ ਕਿਉਂ ਕਰਦਾ ਹੈ?
ਲੋਕ ਇਸ ਸੱਚਾਈ ਤੋਂ ਭਲੀ-ਭਾਂਤ ਵਾਕਿਫ ਹਨ ਕਿ ਸਿਆਸੀ ਲੜਾਈਆਂ ਬਾਹਾਂ ਦੇ ਜ਼ੋਰ ਨਾਲ ਨਹੀਂ, ਸਗੋਂ ਲੋਕਾਂ ਦੀ ਤਾਕਤ ਨਾਲ ਲੜੀਆਂ ਜਾਂਦੀਆਂ ਹਨ। ਆਮ ਲੋਕ ਉਸ ਪਾਰਟੀ ਨਾਲ ਹੀ ਹੁੰਦੇ ਹਨ,ਜਿਹੜੀ ਲੋਕਾਂ ਦੀ ਭਲਾਈ ਦੀਆਂ ਗੱਲਾਂ ਨਹੀਂ, ਸਗੋਂ ਕੰਮ ਕਰਦੀ ਹੈ। ਆਮ ਲੋਕ ਇਹ ਫਰਕ ਜਾਣਦੇ ਹਨ ਕਿ ਇੱਕ ਪਾਸੇ ਸ਼ ਬਾਦਲ ਹਨ, ਜਿਹੜੇ ਸੰਗਤ ਦਰਸ਼ਨ ਕਰਦੇ ਹੋਏ ਸਾਰਾ ਸਾਲ ਹੀ ਆਮ ਲੋਕਾਂ ਵਿਚ ਰਹਿੰਦੇ ਹਨ ਅਤੇ ਦੂਜੇ ਪਾਸੇ ਅਮਰਿੰਦਰ ਸਿੰਘ ਹਨ, ਜਿਹੜੇ ਚੋਣਾਂ ਸਮੇਂ ਵੀ ਗਰੀਬਾਂ ਨੂੰ ਜੋਕਰ ਬਣਾ ਕੇ ਮਹਿਲ ਅੱਗੇ ਖੜ੍ਹਾ ਕਰ ਦਿੰਦੇ ਹਨ।