ਚੰਡੀਗੜ੍ਹ, 25 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਨੇ ਅੱਜ ਪੰਜਾਬ ਦੀ ਜਨਤਾ ਨੂੰ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਉਨਾਂ ਚਾਲਾਂ ਤੋਂ ਸਾਵਧਾਨ ਰਹਿਣ ਲਈ ਕਿਹਾ, ਜਿਨਾਂ ਅਧੀਨ ਉਹ ਪ੍ਰਵਾਸੀ ਪੰਜਾਬੀਆਂ ਦੇ ਨਾਂਅ ਹੇਠ ਆਪਣੇ ਗ਼ੈਰ-ਕਾਨੂੰਨੀ ਢੰਗ ਨਾਲ ਇਕੱਠੇ ਕੀਤੇ ਧਨ ਨੂੰ ਅਮਰੀਕਾ ਤੇ ਕੈਨੇਡਾ ਦੀ ਵਾਹੀਯੋਗ ਜ਼ਮੀਨ ਵਿੱਚ ਲਾਉਣਾ ਚਾਹੁੰਦਾ ਹੈ।
ਆਮ ਆਦਮੀ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਸੁਖਬੀਰ ਬਾਦਲ ਦੀ ਉਸ ‘ਗੱਪ’ ਦਾ ਮਜ਼ਾਕ ਉਡਾਇਆ, ਜਿਸ ਵਿੱਚ ਉਸ ਨੇ ਵਿਦੇਸ਼ ਵਿੱਚ ਖੇਤੀਬਾੜੀ ਦੇ ਯੋਗ ਇੱਕ ਲੱਖ ਹੈਕਟੇਅਰ ਜ਼ਮੀਨ ਖ਼ਰੀਦਣ ਅਤੇ ਉਹ ਜ਼ਮੀਨ ਪ੍ਰਵਾਸੀ ਪੰਜਾਬੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਤਾਂ ਜੋ ਉਹ ਉੱਥੇ ਆਪਣੇ ਕਾਰੋਬਾਰ ਸਥਾਪਤ ਕਰ ਸਕਣ। ਉਨਾਂ ਕਿਹਾ ਕਿ ਇਸ ਵਿੱਚ ਵੀ ਕੋਈ ਹੈਰਾਨੀ ਨਹੀਂ ਹੋਵੇਗੀ, ਜੇ ਸੁਖਬੀਰ ਬਾਦਲ ਅਜਿਹਾ ਕੋਈ ਵਾਅਦਾ ਕਰ ਦੇਵੇ ਕਿ ਉਹ ਅਮਰੀਕੀ ਸਰਕਾਰ ਦੇ ਤਾਲਮੇਲ ਨਾਲ ਬੇਰੋਜ਼ਗਾਰ ਪੰਜਾਬੀ ਨੌਜਵਾਨਾਂ ਨੂੰ ਚੰਨ ਉੱਤੇ ਵਸਾਏਗਾ।
ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸੁਖਬੀਰ ਬਾਦਲ ਦੀ ਅਜਿਹੀ ਫ਼ਿਜ਼ੂਲ ਬਕਵਾਸ ਵਾਲੇ ਲਾਲਚਾਂ ਨੂੰ ਕਦੇ ਪ੍ਰਵਾਨ ਨਹੀਂ ਕਰੇਗੀ। ਉਨਾਂ ਕਿਹਾ ਕਿ ਸੁਖਬੀਰ ਬਾਦਲ ਐਂਡ ਕੰਪਨੀ ਤਾਂ ਸਦਾ ਐੱਨ.ਆਰ.ਆਈਜ਼ ਤੇ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਿੱਚ ਹੀ ਲੱਗੀ ਰਹੀ ਹੈ ਅਤੇ ਜੇ ਕੋਈ ਅਜਿਹੀ ਆਸ ਰੱਖੇ ਕਿ ਉਹ ਵਿਦੇਸ਼ਾਂ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਸੈਟਲ ਕਰਵਾਏਗਾ, ਤਾਂ ਇਹ ਬਹੁਤ ਵੱਡੀ ਗ਼ਲਤੀ ਹੋਵੇਗੀ। ਮਾਨ ਨੇ ਕਿਹਾ,‘‘ਸੁਖਬੀਰ ਬਾਦਲ ਦੇ ਪਿਛਲੇ ਰਿਕਾਰਡ ਨੂੰ ਵੇਖਦਿਆਂ ਕੋਈ ਵੀ ਇਹ ਅੰਦਾਜ਼ਾ ਸਹਿਜੇ ਹੀ ਲਾ ਸਕਦਾ ਹੈ ਕਿ ਉਹ ਹੁਣ ਧੋਖਾਧੜੀ ਅਤੇ ਗੱਪਾਂ ਦੇ ਅਗਲੇ ਪੱਧਰ ’ਤੇ ਪੁੱਜਣ ਜਾ ਰਿਹਾ ਹੈ।’’
ਉਨਾਂ ਕਿਹਾ ਕਿ ਇਸ ਤੱਥ ਤੋਂ ਸਾਰੇ ਜਾਣੂ ਹਨ ਕਿ ਬਾਦਲ ਪਰਿਵਾਰ ਨੇ ਹੋਰਨਾਂ ਦੇਸ਼ਾਂ ਵਿੱਚ ਭਾਰੀ ਮਾਤਰਾ ਵਿੱਚ ਵਾਹੀਯੋਗ ਜ਼ਮੀਨਾਂ ਖ਼ਰੀਦੀਆਂ ਹੋਈਆਂ ਹਨ ਅਤੇ ਸੁਖਬੀਰ ਬਾਦਲ ਅਕਸਰ ਖੇਤੀਬਾੜੀ ਨਾਲ ਸਬੰਧਤ ਕੋਈ ਨਵੀਂ ਟੈਕਨਾਲੋਜੀ ਪੰਜਾਬ ’ਚ ਲਿਆਉਣ, ਠੋਸ ਕੂੜਾ-ਕਰਕਟ ਦੇ ਪ੍ਰਬੰਧ ਦੀਆਂ ਨਵੀਆਂ ਤਕਨੀਕਾਂ ਵਿਕਸਤ ਕਰਨ ਅਤੇ ਪੰਜਾਬ ਤੋਂ ਯੂਕਰੇਨ, ਰੂਸ, ਚੀਨ ਤੇ ਮੱਧ-ਪੂਰਬੀ ਦੇਸ਼ਾਂ ਵਿੱਚ ਸਬਜ਼ੀਆਂ ਦੀ ਸਿੱਧੀ ਬਰਾਮਦ ਸ਼ੁਰੂ ਕਰਵਾਉਣ ਦੇ ਬਹਾਨਿਆਂ ਨਾਲ ਸਰਕਾਰੀ ਖ਼ਜ਼ਾਨੇ ਦੇ ਖ਼ਰਚਿਆਂ ਉੱਤੇ ਇਨਾਂ ਦੇਸ਼ਾਂ ਵਿੱਚ ਜਾਂਦਾ ਰਿਹਾ ਹੈ। ਉਨਾਂ ਕਿਹਾ ਕਿ ਉਸ ਦੇ ਅਜਿਹੇ ਸਾਰੇ ਝੂਠ ਲੋਕਾਂ ਨੂੰ ਚੰਗੀ ਤਰਾਂ ਚੇਤੇ ਹਨ।
ਮਾਨ ਨੇ ਕਿਹਾ ਕਿ ਇਹ ਗੱਲ ਕਿਸੇ ਨੂੰ ਸਮਝ ਨੂੰ ਆਈ ਕਿ ਸੁਖਬੀਰ ਬਾਦਲ ਨੇ ਅਜਿਹੇ ਅਦਭੁੱਤ ਵਿਚਾਰ ਨੂੰ ਪਿਛਲੇ 10 ਸਾਲਾਂ ਤੱਕ ਲੁਕਾ ਕੇ ਕਿਉ ਰੱਖਿਆ। ਜੇ ਉਹ ਸਹੀ ਸਮੇਂ ’ਤੇ ਵਿਦੇਸ਼ਾਂ ਵਿੱਚ ਵਾਹੀਯੋਗ ਜ਼ਮੀਨਾਂ ਖ਼ਰੀਦ ਕੇ ਆਪਣੀ ਉਹ ਯੋਜਨਾ ਲਾਗੂ ਕਰ ਦਿੰਦਾ, ਤਾਂ ਕਰਜ਼ੇ ਦੇ ਬੋਝ ਹੇਠਾਂ ਦੱਬੇ 30,000 ਤੋਂ ਵੱਧ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਦੀ ਲੋੜ ਨਹੀਂ ਪੈਣੀ ਸੀ ਕਿਉਕਿ ਉਨਾਂ ਸਾਰਿਆਂ ਨੇ ਵਿਦੇਸ਼ਾਂ ਵਿੱਚ ਸੈਟਲ ਹੋ ਜਾਣਾ ਸੀ।
ਮਾਨ ਨੇ ਕਿਹਾ ਕਿ ਅਬਰਾਹਮ ਲਿੰਕਨ ਨੇ ਜਦੋਂ ਆਪਣੀ ਇਹ ਪ੍ਰਸਿੱਧ ਕਹਾਵਤ ਬਣਾਈ ਹੋਵੇਗੀ, ਤਾਂ ਉਸ ਨੇ ਜ਼ਰੂਰ ਸੁਖਬੀਰ ਬਾਦਲ ਵਰਗੇ ਲੋਕਾਂ ਨੂੰ ਹੀ ਮਨ ਵਿੱਚ ਰੱਖਿਆ ਹੋਵੇਗਾ - ਉਹ ਕਹਾਵਤ ਕੁਝ ਇਸ ਪ੍ਰਕਾਰ ਹੈ,‘‘ਤੁਸੀਂ ਕੁਝ ਵਾਰ ਸਾਰੇ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ, ਹਰ ਵਾਰ ਕੁਝ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਪਰ ਤੁਸੀਂ ਹਰ ਵਾਰ ਸਾਰੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ।’’