ਐਸ.ਏ.ਐਸ. ਨਗਰ, 26 ਜਨਵਰੀ, 2017 : ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੁੂੰ ਅਮਨ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੁੂੰ ਕਾਇਮ ਰੱਖਣ ਦੀ ਅਪੀਲ ਕੀਤੀ ਤਾਂ ਜੋ ਸਾਡੇ ਸੂਬੇ ਨੂੰ ਹੋਰ ਵਧੇਰੇ ਖੁਸ਼ਹਾਲ ਤੇ ਪ੍ਰਗਤੀਸ਼ੀਲ ਬਣਾਇਆ ਜਾ ਸਕੇ।
ਅੱਜ 68ਵੇਂ ਗਣਤੰਤਰ ਦਿਵਸ ਮੌਕੇ ਇੱਥੇ ਸਰਕਾਰੀ ਕਾਲਜ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਮੁੱਖ ਮੰਤਰੀ ਨੇ ਆਖਿਆ ਕਿ ਇਹ ਬਹੁਤ ਇਤਿਹਾਸਕ ਮੌਕਾ ਸੀ ਜਦੋਂ ਸਾਲ 1950 ਵਿੱਚ ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ.ਅੰਬੇਦਕਰ ਦੀ ਅਗਵਾਈ ਵਿੱਚ ਸੰਵਿਧਾਨਿਕ ਖਰੜਾ ਕਮੇਟੀ ਨੇ ਮੁਲਕ ਦਾ ਸੰਵਿਧਾਨ ਬਣਾਇਆ ਅਤੇ ਮੁਕੰਮਲ ਤੌਰ 'ਤੇ ਲਾਗੂ ਕਰ ਦਿੱਤਾ। ਭਾਰਤੀ ਸੰਵਿਧਾਨ ਪ੍ਰਭੂਸੱਤਾ, ਜਮਹੂਰੀਅਤ ਅਤੇ ਸਮਾਜਵਾਦ ਦਾ ਪ੍ਰਤੀਕ ਹੈ। ਬਾਦਲ ਨੇ ਕਿਹਾ ਉਹ ਉਨ੍ਹਾਂ ਸਾਰੇ ਕੌਮੀ ਨਾਇਕਾਂ, ਸ਼ਹੀਦਾਂ ਅਤੇ ਜਾਣੇ-ਅਣਜਾਣੇ ਦੇਸ਼ ਭਗਤਾਂ ਨੁੂੰ ਨਤਮਸਤਕ ਹੁੰਦੇ ਹਨ, ਜਿਨ੍ਹਾਂ ਨੇ ਬਰਤਾਨਵੀ ਸਾਮਰਾਜ ਪਾਸੋਂ ਸਾਡੀ ਮਾਤ ਭੂਮੀ ਨੁੂੰ ਆਜ਼ਾਦ ਕਰਵਾਉਣ ਲਈ ਲਾਮਿਸਾਲ ਯੋਗਦਾਨ ਪਾਇਆ।
ਪੰਜਾਬੀਆਂ ਵਿੱਚ ਦੇਸ਼ ਭਗਤੀ ਦੇ ਅਮਿੱਟ ਜਜ਼ਬੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਵਿੱਚ ਸਵੈ-ਕੁਰਬਾਨੀ ਅਤੇ ਵਤਨਪ੍ਰਸਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਜੋ ਉਨ੍ਹਾਂ ਨੂੁੰ ਮਹਾਨ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਗੁੜ੍ਹਤੀ ਵਿੱਚ ਮਿਲਿਆ। ਮੁੱਖ ਮੰਤਰੀ ਨੇ ਆਖਿਆ ਕਿ ਗੁਰੂ ਸਾਹਿਬਾਨ ਨੇ ਮਨੁੱਖਤਾ ਦੇ ਸਵੈਮਾਣ ਦੀ ਰਾਖੀ, ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਖਾਤਰ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਸ੍ਰ: ਬਾਦਲ ਨੇ ਆਖਿਆ ਕਿ ਇਹ ਆਪਣੇ ਆਪ ਵਿੱਚ ਰਿਕਾਰਡ ਹੈ ਕਿ ਕੌਮੀ ਅਜਾਦੀ ਸੰਘਰਸ ਦੌਰਾਨ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਆਜਾਦੀ ਘੁਲਾਟੀਆਂ ਤੇ ਦੇਸ਼ ਭਗਤਾਂ ਨੇ ਦਿੱਤੀਆਂ ਜੋ ਸਾਨੂੰ ਇਸ ਵਿਲੱਖਣ ਯੋਗਦਾਨ ਲਈ ਮਾਣ ਮਹਿਸੂਸ ਕਰਵਾਉਦੀਆਂ ਹਨ।
ਮਹਾਨ ਕੌਮੀ ਨਾਇਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੀ ਧਰਤੀ ਦੇ ਮਹਾਨ ਦੇਸ਼ ਭਗਤ ਸ਼ਹੀਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਦੀ ਮਹਾਨ ਕਰਬਾਨੀ ਨੂੰ ਵੀ ਯਾਦ ਕੀਤਾ ਜਿਸਨੇ ਬਰਤਾਨਵੀ ਹਕੁੂਮਤ ਖਿਲਾਫ ਸਮੁੱਚੇ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਪਰੇਡ ਕਮਾਂਡਰ ਡੀ.ਐਸ.ਪੀ. ਅਮਰੋਜ ਸਿੰਘ ਦੀ ਅਗਵਾਈ ਵਿੱਚ ਪੰਜਾਬ ਆਰਮਡ ਪੁਲਿਸ, ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ ਅਤੇ ਐਨ.ਸੀ.ਸੀ. ਕੈਡਿਟਾਂ ਦੀਆਂ ਟੁਕੜੀਆਂ ਪਾਸੋਂ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਥਾਨ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਨਾਲ ਪਰੇਡ ਦਾ ਨਿਰੀਖਣ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੇ ਪਿੰਡ ਝੱਜੋਂ ਦੇ ਆਜ਼ਾਦੀ ਘੁਲਾਟੀਏ ਸ੍ਰੀ ਸਵਰਨ ਸਿੰਘ ਅਤੇ ਸ੍ਰੀ ਗੁਰਦੀਪ ਸਿੰਘ ਨੁੂੰ ਸ਼ਾਲ ਅਤੇ ਮਠਿਆਈ ਦੇ ਕੇ ਸਨਮਾਨਿਤ ਕੀਤਾ। ਸ੍ਰ: ਬਾਦਲ ਨੇ ਪਲਟੂਨ ਕਮਾਂਡਰਾਂ ਅਤੇ ਰਵਾਇਤੀ ਗਿੱਧੇ ਦੀ ਪੇਸ਼ਕਾਰੀ ਕਰਨ ਵਾਲੀਆਂ ਸਕੂਲੀ ਵਿਦਿਆਰਥਣਾਂ ਨੁੂੰ ਇਨਾਮ ਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਭਾਰੀ ਬਰਸਾਤ ਅਤੇ ਠੰਢ ਹੋਣ ਦੇ ਬਾਵਜੂਦ ਵੀ ਗਣਤੰਤਰ ਦਿਵਸ ਸਮਾਰੋਹ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਡਿਪਟੀ ਕਮਿਸ਼ਨਰ ਸੀ੍ਰ ਡੀ.ਐਸ. ਮਾਂਗਟ, ਡੀ.ਆਈ.ਜੀ. ਰੋਪੜ ਰੇਂਜ ਸ੍ਰੀ ਗੁਰਸ਼ਰਨ ਸਿੰਘ ਸੰਧੁੂ ਜਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਨਯਨ ਭੁੱਲਰ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਵੀਰ ਸਿੰਘ, ਐਸ.ਡੀ.ਐਮ. ਅਨੁਪ੍ਰੀਤਾ ਜੌਹਲ, ਜਿਲ੍ਹਾ ਟਰਾਂਸਪੋਰਟ ਅਫਸਰ ਜਗਦੀਪ ਸਿੰਘ ਜੌਹਲ, ਸਿਵਲ ਸਰਜਨ ਜੈ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰ: ਸੁਰਿੰਦਰ ਸਿੰਘ ਸਿੱਧੂ (ਐਲੀਮੈਂਟਰੀ) ਸ੍ਰੀ ਭਗਵੰਤ ਸਿੰਘ, ਤੋਂ ਇਲਾਵਾ ਕਈ ਸਿਵਲ ਤੇ ਪੁਲਿਸ ਅਧਿਕਾਰੀ ਅਤੇ ਵੱਖ-ਵੱਖ ਸ਼ਖਸੀਅਤਾਂ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਬ-ਡਵੀਜ਼ਨ ਖਰੜ ਅਤੇ ਡੇਰਾਬਸੀ ਵਿਖੇ ਵੀ ਸਬ ਡਵੀਜ਼ਨ ਪੱਧਰ ਤੇ ਗਣਤੰਤਰ ਦਿਵਸ ਸਮਾਰੋਹ ਆਯੋਜਿਤ ਕੀਤੇ ਗਏ।