ਪਟਿਆਲਾ, 25 ਜਨਵਰੀ, 2017 : ਪਟਿਆਲਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਤਾਰੀ ਬੁੱਧਵਾਰ ਨੂੰ ਸਥਾਨਕ ਵਿਧਾਇਕ ਪਰਨੀਤ ਕੌਰ ਦੀ ਮੌਜ਼ੂਦਗੀ 'ਚ ਕਾਂਗਰਸ 'ਚ ਸ਼ਾਮਿਲ ਹੋ ਗਏ।
ਤਾਰੀ ਦਾ ਕਾਂਗਰਸ 'ਚ ਸਵਾਗਤ ਕਰਦਿਆਂ, ਪਰਨੀਤ ਨੇ ਕਿਹਾ ਕਿ ਅਕਾਲੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਵੱਡੀ ਗਿਣਤੀ 'ਚ ਸ੍ਰੋਅਦ ਦੇ ਆਗੂ ਕਾਂਗਰਸ 'ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਗ੍ਰਾਫ ਹਰ ਦਿਨ ਨਿਕਲਣ ਦੇ ਨਾਲ ਵੱਧਦਾ ਜਾ ਰਿਹਾ ਹੈ, ਜਿਹੜਾ ਪੰਜਾਬ ਚੋਣਾਂ 'ਚ ਪਾਰਟੀ ਦੀ ਸ਼ਾਨਦਾਰ ਜਿੱਤ ਵੱਲ ਇਸ਼ਾਰਾ ਕਰ ਰਿਹਾ ਹੈ।
ਪਰਨੀਤ ਨੇ ਕਿਹਾ ਕਿ ਅਕਾਲੀ ਦਲ 'ਚ ਇਮਾਨਦਾਰੀ ਤੇ ਮਿਹਨਤੀ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਉਂਦੀਆਂ ਚੋਣਾਂ ਦੌਰਾਨ ਸੂਬੇ ਦੇ ਲੋਕ ਅਕਾਲੀ ਦਲ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਇਸ ਲੜੀ ਹੇਠ ਅਕਾਲੀਆਂ ਨੂੰ ਬੀਤੇ ਇਕ ਦਹਾਕੇ ਦੌਰਾਨ ਕੀਤੇ ਗਏ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ ਤੇ ਕਾਂਗਰਸ ਦੋ-ਤਿਹਾਈ ਬਹੁਮਤ ਨਾਲ ਸੂਬੇ ਦੀ ਸੱਤਾ 'ਚ ਆਏਗੀ।
ਤਾਰੀ ਦੀ ਸ਼ਮੂਲੀਅਤ 'ਚ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਕੇ.ਕੇ ਸ਼ਰਮਾ ਤੇ ਸ਼ਹਿਰੀ ਵਿਕਾਸ ਸੈੱਲ, ਪਟਿਆਲਾ ਦੇ ਚੇਅਰਮੈਨ ਵਿਜੈ ਕੁਮਾਰ ਦੀ ਅਹਿਮ ਭੂਮਿਕਾ ਰਹੀ। ਇਸ ਸ਼ਮੂਲੀਅਤ ਮੌਕੇ ਹੋਰਨਾਂ ਤੋਂ ਇਲਾਵਾ, ਮੁੱਖ ਤੌਰ 'ਤੇ ਵਾਰਡ ਨੰ. 47 ਦੀ ਕੌਂਸਲਰ ਰਜਨੀ ਸ਼ਰਮਾ, ਪੰਜਾਬ ਯੂਥ ਐਂਡ ਸਪੋਰਟਸ ਡਿਵਪਲਮੈਂਟ ਸੈੱਲ ਦੇ ਚੇਅਰਮੈਨ ਰਾਜ ਜਿੰਦਲ ਤੇ ਸੀਨੀਅਰ ਕਾਂਗਰਸੀ ਆਗੂ ਗੌਤਮ ਵੀ ਮੌਜ਼ੂਦ ਰਹੇ।