ਡੇਰਾ ਬੱਸੀ/ਖੰਨਾ/ਸਮਰਾਲਾ, 26 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਲਈ ਵੋਟ ਦੇਣਾ ਸ੍ਰੋਮਣੀ ਅਕਾਲੀ ਦਲ ਨੂੰ ਸ਼ਾਸਨ ਕਰਨ ਦਾ ਆਦੇਸ਼ ਦੇਣ ਸਮਾਨ ਹੋਵੇਗਾ, ਜਿਸਦੇ ਕੁਸ਼ਾਸਨ 'ਚ ਉਹ ਬੀਤੇ 10 ਸਾਲਾਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਆਪ ਤੇ ਸ੍ਰੋਅਦ ਦੋਨਾਂ ਸੰਗਠਨਾਂ ਨੂੰ ਉਗਰ ਵਿਚਾਰਧਾਰਾ ਵਾਲੇ ਦੱਸਦਿਆਂ, ਲੋਕਾਂ ਨੂੰ ਇਨ੍ਹਾਂ ਚੋਣਾਂ ਦੌਰਾਨ ਇਨ੍ਹਾਂ 'ਚੋਂ ਕਿਸੇ ਦੇ ਵੀ ਬਹਿਕਾਵੇ 'ਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਥੇ ਅਕਾਲੀਆਂ ਨੇ ਬੀਤੇ 10 ਵਰ੍ਹਿਆਂ ਦੌਰਾਨ ਉਨ੍ਹਾਂ ਦੇ ਮਾਫੀਆ ਰਾਜ ਰਾਹੀਂ ਲੋਕਾਂ ਨੂੰ ਲੁੱਟਿਆ ਹੈ, ਉਥੇ ਹੀ ਹੁਣ ਆਪ ਸੂਬੇ ਦੀ ਪੰਜਾਬੀਅਤ ਨੂੰ ਤਬਾਹ ਕਰਨ ਵਾਸਤੇ ਬਾਹਰੀ ਵਿਅਕਤੀਆਂ ਨੂੰ ਲੈ ਕੇ ਆ ਗਈ ਹੈ।
ਇਸ ਮੌਕੇ ਡੇਰਾ ਬੱਸੀ ਵਿਖੇ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਸਥਾਨਕ ਅਕਾਲੀ ਉਮੀਦਵਾਰ ਐਨ.ਕੇ. ਸ਼ਰਮਾ ਤੇ ਉਨ੍ਹਾਂ ਵਰਗਿਆਂ ਨੂੰ ਇਨ੍ਹਾਂ ਸਾਲਾਂ ਦੌਰਾਨ ਲੋਕਾਂ ਨੂੰ ਪ੍ਰਤਾੜਤ ਕਰਨ ਬਦਲੇ ਸਜ਼ਾ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਲੋਕਾਂ ਦੇ ਭਾਰੀ ਉਤਸਾਹ ਦੌਰਾਨ ਐਲਾਨ ਕੀਤਾ ਕਿ ਇਨ੍ਹਾਂ ਨੂੰ ਲੰਬਾ ਪਾ ਦਿਆਂਗੇ। ਡੇਰਾ ਬੱਸੀ ਤੋਂ ਕਾਂਗਰਸ ਉਮੀਦਵਾਰ ਦੀਪਇੰਦਰ ਸਿੰਘ ਢਿਲੋਂ ਨੇ ਕਿਹਾ ਕਿ ਸ਼ਰਮਾ ਨੂੰ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਬਖਸ਼ਿਆ ਨਹੀਂ ਜਾਵੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਭੀੜ ਦੀ ਵਾਹ ਵਾਹ ਦੌਰਾਨ ਕਿਹਾ ਕਿ ਬਾਦਲ ਅਗਵਾਈ ਵਾਲੇ ਅਕਾਲੀ ਸ਼ਾਸਨ ਦੌਰਾਨ ਸੂਬੇ ਦੇ ਬੇਕਸੂਰ ਲੋਕਾਂ ਉਪਰ ਪੰਜ ਲੱਖ ਝੂਠੇ ਕੇਸ ਤੇ ਐਫ.ਆਰ.ਆਈ ਦਰਜ਼ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਬੁੱਢੇ (ਬਾਦਲ) ਨੂੰ ਵੀ ਲੰਬਾ ਪਾਵਾਂਗਾ। ਉਨ੍ਹਾਂ ਨੇ ਕਿਹਾ ਕਿ ਇਸੇ ਕਾਰਨ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਲੰਬੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ, ਤਾਂ ਜੋ ਉਹ ਲੋਕਾਂ ਨੂੰ ਲੁੱਟਣ ਤੇ ਧੋਖਾ ਦੇਣ ਲਈ ਇਨ੍ਹਾਂ ਨੂੰ ਸਬਕ ਸਿਖਾ ਸਕਣ।
ਇਸੇ ਤਰ੍ਹਾਂ ਖੰਨਾ 'ਚ ਇਕ ਵੱਖਰੀ ਰੈਲੀ ਨੂੰ ਸੰਬੋਧਨ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਦਯੋਗਾਂ ਦੀ ਤਰ੍ਹਾਂ, ਏਸ਼ੀਆ ਦੀ ਸੱਭ ਤੋਂ ਵੱਡੀ ਮੰਡੀ ਵੀ ਬੁਰੀ ਹਾਲਤ 'ਚ ਹੈ। ਉਨ੍ਹਾਂ ਨੇ ਖੇਤੀ ਦੇ ਵਿਕਾਸ ਨੂੰ ਪੱਟੜੀ 'ਤੇ ਵਾਪਿਸ ਲਿਆਉਣ ਲਈ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਦੁਹਰਾਇਆ ਤੇ ਲੋਕਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤਰੇ ਤੇ ਕਾਂਗਰਸ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੇ ਹੱਕ 'ਚ ਵੋਟ ਦੇਣ ਦੀ ਜ਼ੋਰਦਾਰ ਅਪੀਲ ਕੀਤੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਕਰ ਐਸ.ਵਾਈ.ਐਲ ਦਾ ਨਿਰਮਾਣ ਹੋਣ ਦਿੱਤਾ ਗਿਆ, ਤਾਂ ਪੂਰਾ ਦੱਖਣੀ ਪੰਜਾਬ ਸੁੱਕ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ ਇਕ ਬੂੰਦ ਪਾਣੀ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ, ਭਾਵੇਂ ਇਸ ਬਦਲੇ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾਂ ਕਰਨ 'ਤੇ ਉਨ੍ਹਾਂ ਨੂੰ ਜੇਲ੍ਹ ਵੀ ਕਿਉਂ ਨਾ ਜਾਣਾ ਪਵੇ।
ਸਮਰਾਲਾ 'ਚ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ, ਜਿਥੋਂ ਪਾਰਟੀ ਨੇ ਅਮਰੀਕ ਸਿੰਘ ਢਿਲੋਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦੀ ਜ਼ਲਦੀ ਤੇ ਪੂਰੀ ਅਦਾਇਗੀ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਕੈਪਟਨ ਅਮਰਿੰਦਰ ਨੇ ਉਨ੍ਹਾਂ ਦੀਆਂ ਰੈਲੀਆਂ 'ਚ ਸ਼ਾਮਿਲ ਹੋਣ ਵਾਲੀ ਲੋਕਾਂ ਦੀ ਭੀੜ ਨੂੰ ਕਿਹਾ ਕਿ ਉਹ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਦੋਨਾਂ ਬਾਦਲ ਪਿਓ-ਪੁੱਤ ਦੇ ਵਿਧਾਨ ਸਭਾ ਹਲਕਿਆਂ ਲੰਬੀ ਤੇ ਜਲਾਲਾਬਾਦ ਸਮੇਤ ਮਜੀਠੀਆ ਦੇ ਹਲਕੇ 'ਚ, ਲੋਕਾਂ ਉਪਰ ਵਰ੍ਹਾਏ ਹਰ ਤਰ੍ਹਾਂ ਦੇ ਅੱਤ ਤੇ ਮਾਫੀਆ ਰਾਜ ਬਦਲੇ ਉਨ੍ਹਾਂ ਨੂੰ ਕੁੱਟਣ ਜਾ ਰਹੇ ਹਨ। ਜਿਸਦੇ ਜਵਾਬ 'ਚ ਭੀੜ ਨੇ ਨਾਅਰੇ ਲਗਾਉਂਦਿਆਂ ਕਿਹਾ, ਵੋਟ ਲਗਾਓ ਪੰਜੇ 'ਤੇ, ਬਾਬਾ ਪਾਓ ਮੰਜੇ 'ਤੇ।
ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਵਾਸਤੇ ਹੋਟਲ ਤੇ ਬਿਜਨੇਸ ਖੜ੍ਹੇ ਕਰਨ ਦੀ ਬਜਾਏ ਸੂਬੇ ਲਈ ਕੁਝ ਨਹੀਂ ਕੀਤਾ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਵਿਕਾਸ ਲਈ ਚੁੱਕੇ ਗਏ ਸਾਰੇ ਕਦਮਾਂ ਨੂੰ ਰੋਕ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ 20 ਲੱਖ ਨੌਕਰੀਆਂ ਪੈਦਾ ਕਰਨ ਵਾਸਤੇ ਸਮਝੌਤਿਆਂ 'ਤੇ ਦਸਤਖਤ ਕੀਤੇ ਸਨ, ਲੇਕਿਨ ਇਨ੍ਹਾਂ ਨੇ ਆਉਣ ਤੋਂ ਬਾਅਦ ਉਸ ਯੋਜਨਾ 'ਤੇ ਰੋਕ ਲਗਾ ਦਿੱਤੀ ਤੇ ਸਿਰਫ ਇਸ ਲਈ, ਕਿਉਂਕਿ ਇਹ ਆਪਣੇ ਪਰਿਵਾਰ ਦੀ ਤਰੱਕੀ ਚਾਹੁੰਦੇ ਸਨ।
ਕੈਪਟਨ ਅਮਰਿੰਦਰ ਸੂਬੇ ਅੰਦਰ ਧਾਰਮਿਕ ਬੇਅਦਬੀਆਂ ਦੀਆਂ ਘਟਨਾਵਾਂ 'ਚ ਵਾਧੇ ਨੂੰ ਲੈ ਕੇ ਵੀ ਬਾਦਲ 'ਤੇ ਵਰ੍ਹੇ ਅਤੇ ਲੋਕਾਂ ਨੂੰ ਵੰਡਣ ਦੀ ਅਪਰਾਧਿਕ ਸਾਜਿਸ਼ ਰੱਚਣ ਲਈ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਤੇ ਹੋਰਨਾਂ ਸਾਰਿਆਂ ਨੂੰ ਸਜ਼ਾ ਦੇਣ ਦਾ ਵਾਅਦਾ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਵੰਡਣ ਵਾਸਤੇ ਬਾਦਲ ਜ਼ਿੰਮੇਵਾਰ ਹਨ ਤੇ ਹੁਣ ਇਹ ਲੋਕਾਂ ਨੂੰ ਧਾਰਮਿਕ ਅਧਾਰ 'ਤੇ ਵੱਖ ਕਰਨਾ ਚਾਹੁੰਦੇ ਹਨ।
ਇਸ ਦੌਰਾਨ, ਉਨ੍ਹਾਂ ਨੇ ਇਕ ਲੈਂਡ ਪੂਲ ਬਣਾ ਕੇ ਵੱਡੇ ਨਿਵੇਸ਼ਾਂ ਰਾਹੀਂ ਉਦਯੋਗਾਂ ਦਾ ਵਿਕਾਸ ਕਰਨ ਅਤੇ ਇਸ ਨਾਲ ਪੰਜਾਬ ਦੇ ਬੇਰੁਜ਼ਗਾਰ ਨੌਜ਼ਵਾਨਾਂ ਲਈ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਚਾਰ ਹਫਤਿਆਂ ਅੰਦਰ ਸੂਬੇ ਤੋਂ ਨਸ਼ਾਖੋਰੀ ਦਾ ਅੰਤ ਕਰਨ ਸਬੰਧੀ ਆਪਣਾ ਵਾਅਦਾ ਵੀ ਦੁਹਰਾਇਆ।
ਕੈਪਟਨ ਅਮਰਿੰਦਰ ਨੇ ਭਰੋਸਾ ਪ੍ਰਗਟ ਕੀਤਾ ਕਿ ਨਿਸ਼ਚਿਤ ਵਿਕਾਸ ਵੱਲ ਵੱਧਦੇ ਪ੍ਰਤੀਤ ਹੋ ਰਹੇ ਸੂਬੇ ਤੇ ਇਸਦੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਚੋਣਾਂ ਦੌਰਾਨ ਦੋ-ਤਿਹਾਈ ਬਹੁਮਤ ਲਿਆਉਂਦਿਆਂ ਕਾਂਗਰਸ ਵਿਰੋਧੀਆਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇਗੀ।