ਚੰਡੀਗੜ੍ਹ, 26 ਜਨਵਰੀ, 2017 : ਕੱਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸੰਗਰੂਰ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਵੱਲੋਂ ਸਿੱਖ ਨੌਜਵਾਨਾਂ ਦੀ ਕੀਤੀ ਗਈ ਖਿੱਚ-ਧੂਹ ਦੀ ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਨਿਖੇਧੀ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਅਤੇ ਉਹ ਬੇਅਦਬੀ ਕਰਨ ਵਾਲੇ ਦੋਸ਼ੀ ਦੀ ਮੁੱਖ ਮੰਤਰੀ ਤੋਂ ਗਿ੍ਰਫ਼ਤਾਰੀ ਦੀ ਮੰਗ ਕਰ ਰਹੇ ਕੁਝ ਅੰਮਿ੍ਰਤਧਾਰੀ ਸਿੰਘ ਜ਼ਖ਼ਮੀ ਹੋ ਗਏ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਰੋਸ ਮੁਜ਼ਾਹਰਾਕਾਰੀਆਂ ਨੂੰ ਸੰਤੁਸ਼ਟ ਕਰਨ ਤੋਂ ਨਾਕਾਮ ਰਹੇ ਸਨ। ਪੁਲਿਸ ਨੇ ਉਨਾਂ ਸਿੱਖਾਂ ਨੂੰ ਗਿ੍ਰਫ਼ਤਾਰ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਗੁੰਡਿਆਂ ਨੂੰ ਕੁੱਟਮਾਰ ਲਈ ਸੌਂਪ ਦਿੱਤੀ ਸੀ। ਅਕਾਲੀਆਂ ਨੇ ਪੱਤਰਕਾਰਾਂ ਤੱਕ ਉੱਤੇ ਵੀ ਹਮਲਾ ਕੀਤਾ, ਜੋ ਕਿ ਬਹੁਤ ਜ਼ਿਆਦਾ ਨਿਖੇਧੀਯੋਗ ਹੈ।
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਪੰਜਾਬ ਚੋਣਾਂ ਵਿੱਚ ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੱਕ ਵੱਡਾ ਮੁੱਦਾ ਹੈ ਅਤੇ ਸਿੱਖ ਕੌਮ ਬਾਦਲ ਦੇ ਇਸ ਵਤੀਰੇ ਤੋਂ ਬਹੁਤ ਪਰੇਸ਼ਾਨ ਹੈ ਕਿਉਕਿ ਉਹ ਨਾ ਕੇਵਲ ਅਜਿਹੀਆਂ ਘਟਨਾਵਾਂ ਨੂੰ ਰੋਕਣ ਤੋਂ ਨਾਕਾਮ ਰਹੇ ਹਨ, ਸਗੋਂ ਉਹ ਦੋਸ਼ੀਆਂ ਨੂੰ ਵੀ ਹਾਲੇ ਤੱਕ ਗਿ੍ਰਫ਼ਤਾਰ ਨਹੀਂ ਕਰ ਸਕੇ। ਉਨਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਗੁਨਾਹਗਾਰ ਹੋਣ ਦਾ ਪਤਾ ਇਸੇ ਗੱਲ ਤੋਂ ਲੱਗ ਜਾਂਦਾ ਹੈ ਕਿ ਉੱਪ-ਮੁੱਖ ਮੰਤਰੀ ਨੇ ਇਨਾਂ ਘਟਨਾਵਾਂ ਲਈ ਆਮ ਆਦਮੀ ਪਾਰਟੀ ਨੂੰ ਦੋਸ਼ੀ ਠਹਿਰਾਉਣ ਦਾ ਜਤਨ ਕੀਤਾ ਸੀ।
ਉਨਾਂ ਕਿਹਾ ਕਿ ਦਰਅਸਲ ਪੁਲਿਸ ਉੱਤੇ ਦਬਾਅ ਪਾਇਆ ਜਾਂਦਾ ਰਿਹਾ ਹੈ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਗਿ੍ਰਫ਼ਤਾਰ ਨਾ ਕਰੇ। ਉਨਾਂ ਕਿਹਾ ਕਿ ਜਿਹੜੇ ਕੁਝ ਖ਼ਾਸ ਪੁਲਿਸ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਤਾਕਤ ਦਾ ਪੂਰਾ ਆਨੰਦ ਦਾ ਮਾਣਦੇ ਰਹੇ ਹਨ, ਉਹੀ ਇਨਾਂ ਚੋਣਾਂ ਵਿੱਚ ਅਕਾਲੀਆਂ ਦੀ ਮਦਦ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੇ ਉਨਾਂ ਸਾਰੇ ਅਧਿਕਾਰੀਆਂ ਦੀਆਂ ਸਾਰੀਆਂ ਗਤੀਵਿਧੀਆਂ ਉੱਤੇ ਪੂਰੀ ਨਜ਼ਰ ਰੱਖੀ ਹੋਈ ਹੈ। ਵੜੈਚ ਨੇ ਕਿਹਾ ਕਿ ‘‘ਇਹ ਬਹੁਤ ਹੀ ਅਫ਼ਸੋਸਨਾਕ ਗੱਲ ਹੈ ਕਿ ਪੁਲਿਸ ਹਾਲੇ ਵੀ ਅਕਾਲੀ ਆਗੂਆਂ ਦੇ ਹੱਥ-ਠੋਕਿਆਂ ਵਜੋਂ ਕੰਮ ਕਰ ਰਹੀ ਹੈ।’’
ਉਨਾਂ ਕਿਹਾ ਕਿ ਜਿਹੜੇ ਪੁਲਿਸ ਕਰਮਚਾਰੀ ਬਹਿਬਲ ਕਲਾਂ ਵਾਲੇ ਧਰਨੇ ’ਤੇ ਬੈਠੇ ਨਿਰਦੋਸ਼ ਸਿੱਖਾਂ ਉੱਤੇ ਗੋਲ਼ੀਆਂ ਚਲਾਉਣ ਲਈ ਜ਼ਿੰਮੇਵਾਰ ਸਨ, ਉਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਨੂੰਨੀ ਸ਼ਿਕੰਜੇ ਅਧੀਨ ਲਿਆਂਦਾ ਜਾਵੇਗਾ।
ਵੜੈਚ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਨੇ ਪਹਿਲਾਂ ਮਾਲੇਰ ਕੋਟਲਾ ’ਚ ਪਵਿੱਤਰ ਕੁਰਆਨ ਸ਼ਰੀਫ਼ ਦੀ ਬੇਅਦਬੀ ਲਈ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਬਿਨਾ ਵਜਾ ਫਸਾਉਣ ਦਾ ਜਤਨ ਕੀਤਾ ਸੀ, ਤਾਂ ਜੋ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਦੀ ਸੂਝਵਾਨ ਜਨਤਾ ਨੇ ਸੁਖਬੀਰ ਬਾਦਲ ਦੀਆਂ ਸੂਬੇ ਵਿੱਚ ਫਿਰਕੂ ਤਣਾਅ ਪੈਦਾ ਕਰਨ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨਾਕਾਮ ਕਰ ਕੇ ਰੱਖ ਦਿੱਤੀਆਂ ਹਨ। ਉਨਾਂ ਕਿਹਾ ਕਿ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਦੇ ਦਹਿਸ਼ਤਗਰਦਾਂ ਨਾਲ ਸਬੰਧ ਹੋਣ ਦੇ ਦੋਸ਼ ਲਾ ਰਿਹਾ ਹੈ, ਜਦ ਕਿ ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਵੱਲੋਂ ਜੱਗ ਜ਼ਾਹਿਰ ਕੀਤੇ ਗਏ ਕੁਝ ਅਹਿਮ ਦਸਤਾਵੇਜ਼ਾਂ ਤੋਂ ਹੁਣ ਇਹ ਇੰਕਸ਼ਾਫ਼ ਹੋਇਆ ਹੈ ਕਿ ਪੰਜਾਬ ਵਿੱਚ ਦਹਿਸ਼ਤਗਰਦੀ ਫੈਲਾਉਣ ਪਿੱਛੇ ਅਸਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਸੀ ਕਿਉਕਿ ਉਸ ਦੇ ਦਹਿਸ਼ਤਗਰਦਾਂ ਨਾਲ ਸਬੰਧ ਸਨ।
ਵੜੈਚ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦਾ ਜ਼ਹਿਰ ਫੈਲਾਉਣ ਜਿਹੇ ਕਾਰਿਆਂ ਲਈ ਪੰਜਾਬ ਦੀ ਜਨਤਾ ਬਾਦਲ ਪਰਿਵਾਰ ਨੂੰ ਜ਼ਰੂਰ ਹੀ ਸਬਕ ਸਿਖਾਏਗੀ। ਉਨਾਂ ਕਿਹਾ ਕਿ ਬਾਦਲਾਂ ਨੇ ਨਸ਼ਿਆਂ ਨਾਲ ਪੂਰੀ ਇੱਕ ਪੀੜੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਨਵਾਂ ਪੰਜਾਬ ਵਿਕਸਤ ਕਰੇਗੀ, ਜਿਸ ਉੱਤੇ ਹਰੇਕ ਪੰਜਾਬੀ ਨੂੰ ਮਾਣ ਹੋਵੇਗਾ।