ਚੰਡੀਗੜ੍ਹ, 26 ਜਨਵਰੀ, 2017 : ਆਮ ਆਦਮੀ ਪਾਰਟੀ (ਆਪ) ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜ਼ਾਬਤੇ ਦੀ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਬੰਦ ਕਰਵਾਏ ਕਿਉਕਿ ਜ਼ਿਲਾ ਅਧਿਕਾਰੀ ਅਜਿਹੀਆਂ ਘਟਨਾਵਾਂ ਪ੍ਰਤੀ ਨਰਮ ਰਵੱਈਆ ਅਖ਼ਤਿਆਰ ਕਰ ਰਹੇ ਹਨ।
ਵੜੈਚ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਚੋਣ ਜ਼ਾਬਤੇ ਦੀਆਂ ਸ਼ਿਕਾਇਤਾਂ ਦਾਇਰ ਕਰਨਾ ਹਰ ਵਾਰ ਸੰਭਵ ਵੀ ਨਹੀਂ ਹੁੰਦਾ ਕਿਉਕਿ ਜ਼ਿਲਾ ਚੋਣ ਅਧਿਕਾਰੀਆਂ ਕੋਲ ਅਜਿਹੀਆਂ ਘਟਨਾਵਾਂ ਵਿਰੁੱਧ ਆਪਣੇ ਆਪ ਹੀ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਅਤੇ ਅਖ਼ਤਿਆਰ ਹਨ। ਮੀਡੀਆ ਵੱਲੋਂ ਅਜਿਹੀਆਂ ਘਟਨਾਵਾਂ ਦੀਆਂ ਰਿਪੋਰਟਾਂ ਲਗਾਤਾਰ ਨਸ਼ਰ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਅਟਾਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੇ ਚੋਣ ਅਧਿਕਾਰੀਆਂ ਤੋਂ ਇਜਾਜ਼ਤ ਲਏ ਬਿਨਾ ਹੀ ਝਿੱਟੇ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਚੋਣ ਰੈਲੀ ਕੀਤੀ ਸੀ।
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਮੀਡੀਆ ਰਾਹੀਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਟਾਰੀ ਹਲਕੇ ਦੇ ਸਹਇਕ ਚੋਣ ਅਧਿਕਾਰੀ ਨੂੰ ਅਜਿਹੀ ਕਿਸੇ ਰੈਲੀ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਵੜੈਚ ਨੇ ਕਿਹਾ ਕਿ ਉਸ ਰੈਲੀ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੂੰ ਚਾਹ ਅਤੇ ਜਲੇਬੀਆਂ ਵੰਡੀਆਂ ਗਈਆਂ ਸਨ। ਅਖ਼ਬਾਰਾਂ ਨੇ ਅਜਿਹੀਆਂ ਰਿਪੋਰਟਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਕਿ ਉਨਾਂ ਕੋਲ ਇਸ ਰੈਲੀ ਦੀ ਵਿਡੀਓ ਰਿਕਾਰਡਿੰਗ ਵੀ ਹੈ, ਜਿਸ ਵਿੱਚ ਗੁਲਜ਼ਾਰ ਸਿੰਘ ਰਣੀਕੇ ਗੁਰੂ ਘਰ ਦੇ ਅੰਦਰ ਚੋਣ ਰੈਲੀ ਨੂੰ ਸੰਬੋਧਨ ਕਰਦੇ ਵਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅਕਾਲੀ ਕਾਰਕੁੰਨਾਂ ਨੇ ਜੁੱਤੀਆਂ ਸਮੇਤ ਧਾਰਮਿਕ ਸਥਾਨ ਦੇ ਅੰਦਰ ਦਾਖ਼ਲ ਹੋ ਕੇ ਉਸ ਸਥਾਨ ਦੀ ਪਵਿੱਤਰਤਾ ਨੂੰ ਵੀ ਭੰਗ ਕੀਤਾ ਹੈ ਤੇ ਉਨਾਂ ਨੇ ਆਪਣੇ ਸਿਰ ਵੀ ਢਕੇ ਹੋਏ ਨਹੀਂ ਸਨ।
ਵੜੈਚ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵੀ ਰਚੀ ਹੈ ਅਤੇ ਇਨਾਂ ਦੋਵੇਂ ਪਾਰਟੀਆਂ ਦੇ ਕਾਰਕੁੰਨ ਖਰੜ ’ਚ ਕੁਝ ਅਜਿਹੇ ਵਾਹਨਾਂ ’ਚ ਬੈਠ ਕੇ ਸ਼ਰਾਬ ਅਤੇ ਧਨ ਵੰਡਦੇ ਪਾਏ ਗਏ, ਜਿਨਾਂ ਉੱਤੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਝੰਡੇ ਲਾਏ ਗਏ ਸਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸੰਧੂ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਕੁਝ ਥਾਵਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੇ ਆਮ ਆਦਮੀ ਪਾਰਟੀ ਦੇ ਪੋਸਟਰ ਵੀ ਪਾੜੇ ਹਨ। ਉਨਾ ਕਿਹਾ ਕਿ ਪੁਲਿਸ ਅਜਿਹੇ ਮਾਮਲਿਆਂ ਵਿੱਚ ਕੁਝ ਨਰਮ ਰਵੱਈਆ ਅਖ਼ਤਿਆਰ ਕਰ ਰਹੀ ਹੈ।
ਵੜੈਚ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪਾਰਟੀ ਦੇ ਰਾਸ਼ਟਰੀ ਆਗੂ ਸੰਜੇ ਸਿੰਘ ਦੇ ਨਾਂਅ ਉੱਤੇ ਸੋਸ਼ਲ ਮੀਡੀਆ ਵਿੱਚ ਜਿਹੜੀ ਜਾਅਲੀ ਚਿੱਠੀ ਫੈਲਾਈ ਜਾ ਰਹੀ ਹੈ, ਉਸ ਮਾਮਲੇ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਿੱਚ ਮੁਕੰਮਲ ਵਿਸ਼ਵਾਸ ਹੈ ਅਤੇ ਕਮਿਸ਼ਨ ਵੱਲੋਂ ਚੋਣਾਂ ਸਾਫ਼ ਸੁਥਰੇ ਢੰਗ ਨਾਲ ਕਰਵਾਏ ਜਾਣ ਸਬੰਧੀ ਕੀਤੇ ਇੰਤਜ਼ਾਮ ਤੋਂ ਪਾਰਟੀ ਪੂਰੀ ਤਰਾਂ ਸੰਤੁਸ਼ਟ ਹੈ। ਪਰ ਮੰਦੇਭਾਗੀਂ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਗਾਂਗਰਸ ਪਾਰਟੀਆਂ ਪੰਜਾਬ ਦੇ ਸ਼ਾਂਤੀਪੂਰਨ ਮਾਹੌਲ ਨੂੰ ਖ਼ਰਾਬ ਕਰਨ ਦੇ ਜਤਨ ਕਰ ਰਹੀਆਂ ਹਨ।