ਨੂਰਮਹਿਲ (ਜਲੰਧਰ), 26 ਜਨਵਰੀ, 2017 : ਸਾਰੇ ਵਰਗਾਂ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉਸੇ ਲੜੀ ਵਿੱਚ ਸਾਬਕਾ ਅਕਾਲੀ ਵਿਧਾਇਕ ਸਵਰਗੀ ਗੁਰਦੀਪ ਸਿੰਘ ਭੁੱਲਰ ਦੇ ਭਰਾ ਅਤੇ ਉੱਘੇ ਆਗੂ ਡੋਗਰ ਸਿੰਘ ਭੁੱਲਰ, ਸਾਬਕਾ ਚੇਅਰਮੈਨ ਅਤੇ ਬਹੁਤ ਸਾਰੇ ਸਰਪੰਚਾਂ ਸਮੇਤ ਅੱਜ ਨੂਰਮਹਿਲ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਕਰਨਲ ਸੀ.ਡੀ. ਸਿੰਘ ਕੰਬੋਜ ਵੀ ਮੌਜੂਦ ਸਨ।
ਪਾਰਟੀ ਵਿੱਚ ਇਨਾਂ ਸਾਰੇ ਆਗੂਆਂ ਦਾ ਸੁਆਗਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਅੱਕੇ ਪਏ ਹਨ ਅਤੇ ਹੁਣ ਸੂਬੇ ਦੀ ਸਿਆਸਤ ਵਿੱਚ ਤਬਦੀਲੀ ਚਾਹੁੰਦੇ ਹਨ। ਉਨਾਂ ਕਿਹਾ ਕਿ ਇਨਾਂ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਭੁੱਲਰ ਨੇ ਕਿਹਾ ਕਿ ਸੂਬੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਹੱਕ ਵਿੰਚ ਭਾਰੀ ਹਨੇਰੀ ਝੁੱਲ ਰਹੀ ਹੈ ਅਤੇ ਹਰ ਵਰਗ ਦੇ ਲੋਕ ਬਹੁਤ ਉਤਸ਼ਾਹ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਇਨਕਲਾਬ ਦਾ ਹਿੱਸਾ ਬਣਨਾ ਚਾਹ ਰਹੇ ਹਨ। ਉਨਾਂ ਕਿਹਾ ਕਿ ਅਕਾਲੀ ਸਰਕਾਰ ਸੂਬੇ ਦੀ ਜਨਤਾ ਦੇ ਅਧਿਕਾਰਾਂ ਦੀ ਰਾਖੀ ਕਰਨ ਤੋਂ ਪੂਰੀ ਤਰਾਂ ਨਾਕਾਮ ਰਹੀ ਹੈ। ਹਰੇਕ ਵਰਗ ਵਿੱਚ ਮਾਫ਼ੀਆ ਹੀ ਸਰਕਾਰ ਚਲਾ ਰਿਹਾ ਹੈ ਅਤੇ ਕਾਨੂੰਨ ਤੇ ਵਿਵਸਥਾ ਦੀ ਹਾਲਤ ਢਹਿ-ਢੇਰੀ ਹੋ ਕੇ ਰਹਿ ਗਈ ਹੈ। ਉਨਾਂ ਕਿਹਾ ਕਿ ਇਸ ਵਾਰ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਅਤੇ ਇਸ ਵਾਰ ਫਿਰ ਆਮ ਆਦਮੀ ਦਾ ਰਾਜ ਹੋਵੇਗਾ।