ਬਟਾਲਾ, 27 ਜਨਵਰੀ, 2017 : ਵਿਧਾਨ ਸਭਾ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦੋਂ ਬੀਬੀ ਸਤਵਿੰਦਰ ਕੌਰ ਗਿੱਲ (ਡੁੱਲਟ) ਦੀ ਅਗਵਾਈ ਵਿਚ ਧਰਮਪੁਰਾ ਕਲੋਨੀ (ਖਜ਼ੂਰੀ ਗੇਟ) ਦੇ 35 ਪਰਿਵਾਰਾਂ ਨੇ ਕਾਂਗਰਸ ਪਾਰਟੀ ਛੱਡ ਕੇ 'ਆਮ ਆਦਮੀ ਪਾਰਟੀ' ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਬੀਬੀ ਸਤਵਿੰਦਰ ਕੌਰ ਗਿੱਲ (ਡੁੱਲਟ) ਨੇ ਇਸ ਮੌਕੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਹਲਕੇ ਦੀ ਨੁਮਾਇੰਦਗੀ ਕਰਦੀ ਰਹੀ ਕਾਂਗਰਸ ਪਾਰਟੀ ਨੇ ਕਦੇ ਵੀ ਬਟਾਲਾ ਸ਼ਹਿਰ ਨੂੰ ਇਸ ਦੀ ਮਹੱਤਤਾ ਅਨੁਸਾਰ ਤਵੱਜੋਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ 'ਤੇ 50 ਸਾਲ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਬਟਾਲਾ ਸ਼ਹਿਰ ਨੂੰ ਕੂੜੇ ਦਾ ਢੇਰ ਬਣਾ ਕੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਅਕਾਲੀ-ਭਾਜਪਾ ਗਠਜੋੜ ਨੇ ਵੀ ਪਿਛਲੇ 10 ਸਾਲਾਂ 'ਚ ਬਟਾਲਾ ਦੇ ਉਦਯੋਗਾਂ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 'ਆਮ ਆਦਮੀ ਪਾਰਟੀ' ਇਕ ਰਾਜਨੀਤਕ ਸੁਧਾਰ ਲਹਿਰ ਵਾਂਗ ਉਭਰੀ ਹੈ ਅਤੇ ਇਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਇਸ ਦੇ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਛੱਡ ਕੇ 'ਆਮ ਆਦਮੀ ਪਾਰਟੀ' ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿਚ ਬੀਬੀ ਸੁਰਜੀਤ ਕੌਰ, ਰੋਹਿਤ, ਪ੍ਰਮੋਦ ਕੁਮਾਰ ਅਤੇ ਰਮਨ ਆਦਿ ਵੀ ਸ਼ਾਮਲ ਸਨ। 'ਆਮ ਆਦਮੀ ਪਾਰਟੀ' ਵਿਚ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਗੁਰਪ੍ਰੀਤ ਸਿੰਘ ਘੁੱਗੀ ਦੀ ਧਰਮ ਪਤਨੀ ਬੀਬੀ ਕੁਲਜੀਤ ਕੌਰ ਵੜੈਚ ਨੇ ਸਵਾਗਤ ਕੀਤਾ।