70 ਸਾਲਾਂ ਤੋਂ ਪੰਜਾਬ ਨੂੰ ਲੁੱਟ ਰਹੇ ਅਕਾਲੀਆਂ ਕਾਂਗਰਸੀਆਂ ਨੂੰ ਹਰਾ ਕੇ ਦਮ ਲੈਣਗੇ ਪੰਜਾਬੀ -: ਭਗਵੰਤ ਮਾਨ
ਪਟਿਆਲਾ, 27 ਜਨਵਰੀ, 2017 : ਅੱਜ ਪਟਿਆਲਾ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਟਿਆਲਾ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੇ ਪੱਖ ਵਿਚ ਕੀਤੇ ਗਏ ਰੋਡ ਸ਼ੋਅ ਨੂੰ ਮਿਲਿਆ ਪਟਿਆਲਾ ਵਾਸੀਆਂ ਦਾ ਭਰਵਾਂ ਹੁੰਗਾਰਾ ਸਾਬਤ ਕਰ ਗਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸਣੇ ਬਹੁਤ ਸਾਰੇ ਅਕਾਲੀ ਆਗੂ ਤੇ ਮੰਤਰੀ ਬੁਰੀ ਤਰਾਂ ਹਾਰ ਰਹੇ ਹਨ। ਪੰਜਾਬੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿਚ 100 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ। ਇਸ ਵੇਲੇ ਉਨਾਂ ਨਾਲ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੀ ਮੌਜੂਦ ਸਨ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਇਸ ਰੋਡ ਸ਼ੋਅ ਵਿਚ ਲੋਕਾਂ ਨੇ ਭਰਵੀਂ ਸ਼ਮੂਲੀਅਤ ਹੋਈ।
ਸਥਾਨਕ ਬੱਸ ਸਟੈਂਡ ਨਜ਼ਦੀਕ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਬੁੱਤ ਉਤੇ ਫੁੱਲਾਂ ਦੇ ਹਾਰ ਪਹਿਨਾਉਣ ਤੋਂ ਬਾਅਦ ਸ਼ੁਰੂ ਕੀਤੇ ਰੋਡ ਸ਼ੋਅ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੇ ਗ੍ਰਿਫਤਾਰ ਕਰਨ ਦੀ ਬਜਾਏ ਉਨਾਂ ਨੂੰ ਖੁੱਲੇਆਮ ਛੱਡ ਦਿੱਤਾ, ਜਿਸ ਕਰਕੇ ਉਨਾਂ ਲੋਕਾਂ ਅਤੇ ਉਨਾਂ ਦੇ ਸਾਥੀਆਂ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉਤੇ ਹਮਲਾ ਕੀਤਾ, ਜਿਸ ਦੌਰਾਨ ਇਕ ਸਿੰਘ ਸ਼ਹੀਦ ਵੀ ਹੋ ਗਿਆ ਸੀ, ਪਰ ਪੰਜਾਬ ਦੀ ਅਕਾਲੀ ਸਰਕਾਰ ਨੇ ਫੇਰ ਵੀ ਕੋਈ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਤੋਂ ਜਾਪਦਾ ਹੈ ਕਿ ਪੰਜਾਬ ਦੀ ਅਕਾਲੀ ਸਰਕਾਰ ਹੀ ਦੋਸ਼ੀਆਂ ਨਾਲ ਮਿਲ ਕੇ ਅਜਿਹੇ ਗੈਰ ਕਾਨੂੰਨੀ ਕੰਮ ਕਰਵਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੁੰਦਿਆਂ ਹੀ ਇਨਾਂ ਦੋਸ਼ੀਆਂ ਨੂੰ ਤੁਰੰਤ ਗਿ੍ਰਫ਼ਤਾਰ ਕੀਤਾ ਜਾਵੇਗਾ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਜੰਗਲ ਰਾਜ ਚਲਦਾ ਰਿਹਾ ਹੈ ਕੋਈ ਅਮਨ ਕਾਨੂੰਨ ਦੀ ਸਥਿਤੀ ਨਹੀਂ ਹੈ। ਉਨਾਂ ਪੰਜਾਬੀਆਂ ਨੂੰ ਕਿਹਾ ਕਿ ਇਹ ਜੰਗਲ ਰਾਜ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਹੋਵੇਗਾ। ਇਸ ਵੇਲੇ ਉਨਾਂ ਡਾ. ਅੰਬੇਡਕਰ ਦੇ ਲਗਾਏ ਬੁੱਤ ਦੇ ਸਾਹਮਣੇ ਵਾਅਦਾ ਕੀਤਾ ਕਿ ਸਰਕਾਰ ਬਣ ਜਾਣ ਉਤੇ ਪੰਜਾਬੀਆਂ ਨੂੰ ਇਕ ਨਵੇਂ ਪੰਜਾਬ ਦੇ ਦਰਸ਼ਨ ਕਰਵਾਏ ਜਾਣਗੇ ਤਾਂ ਕਿ ਅੰਨਦਾਤਾ ਰਹੇ ਇਸ ਪੰਜਾਬ ਨੂੰ ਮੁੜ ਤੋਂ ਅੰਨਦਾਤਾ ਦਾ ਖ਼ਿਤਾਬ ਦਿਵਾਇਆ ਜਾ ਸਕੇ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਨੇਰੀ ਚਲ ਰਹੀ ਹੈ। ਹੁਣ ਲੋਕਾਂ ਨੇ ਧਾਰ ਲਿਆ ਹੈ ਕਿ ਉਹ ਪੰਜਾਬ ਨੂੰ 70 ਸਾਲ ਤੋਂ ਲੁੱਟ ਰਹੇ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਇੱਥੋਂ ਭਜਾ ਕੇ ਹੀ ਦਮ ਲੈਣਗੇ। ਉਨਾਂ ਕਿਹਾ ਕਿ ਜਲਾਲਾਬਾਦ ਵਿਚ ਲੋਕਾਂ ਨੇ ਐਨਾ ਹੁੰਗਾਰਾ ਦਿੱਤਾ ਹੈ ਕਿ ਬਹੁਤ ਸਾਰੀਆਂ ਥਾਵਾਂ ਉਤੇ ਸੁਖਬੀਰ ਬਾਦਲ ਦੇ ਬੂਥ ਵੀ ਨਹੀਂ ਲੱਗਣਗੇ। ਉਨਾਂ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਦੇ ਪਟਿਆਲਾ ਵਾਸੀਆਂ ਦੀ ਸਾਰ ਨਹੀਂ ਲਈ। ਅਕਾਲੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕ ਦਿੱਤਾ ਹੈ। ਮਾਨ ਨੇ ਕਿਹਾ ਕਿ ਨਸ਼ੇ ਦੇ ਸਮਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਡਾ. ਬਲਬੀਰ ਸਿੰਘ ਦੇ ਹੱਕ ਵਿਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤਾ ਗਿਆ ਰੋਡ ਸ਼ੋਅ ਸ਼ਹਿਰ ਦੇ ਵੀਰ ਹਕੀਕਤ ਰਾਏ ਪਾਰਕ ਤੋਂ ਸ਼ੁਰੂ ਹੋ ਕੇ ਲਾਹੌਰੀ ਗੇਟ, ਸ਼ੇਰੇ-ਪੰਜਾਬ ਮਾਰਕੀਟ, ਆਰੀਆ ਸਮਾਜ, ਸੈਫਾਬਾਦੀ ਗੇਟ, ਲੱਕੜ ਮੰਡੀ, ਕਿਲਾ ਚੌਕ, ਅਨਾਰਦਾਨਾ ਚੌਕ, ਧਰਮਪੁਰਾ ਬਾਜ਼ਾਰ, ਭਾਸ਼ਾ ਵਿਭਾਗ ਤੋਂ ਹੁੰਦਾ ਹੋਇਆ ਛੋਟੀ ਬਾਰਾਂਦਰੀ ਵਿਖੇ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੇ ਮੁੱਖ ਚੋਣ ਦਫ਼ਤਰ ਚ ਸਮਾਪਤ ਹੋਇਆ।
ਇਸ ਮੌਕੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਡਾ. ਬਲਵੀਰ ਸਿੰਘ ਦਾ ਪਟਿਆਲਾ ਦੇ ਬਾਜਾਰਾਂ ਵਿਚ ਥਾਂ-ਥਾਂ ‘ਤੇ ਗਰਮਜੋਸ਼ੀ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪਟਿਆਲਾ ਤੋਂ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ, ਪਟਿਆਲਾ ਦਿਹਾਤੀ ਤੋਂ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ, ਪ੍ਰਦੀਪ ਜੋਸ਼ਨ, ਸਰਬਜੀਤ ਉੱਖਲਾ, ਡਾ. ਭੀਮਇੰਦਰ ਸਿੰਘ, ਵਕੀਲਾਂ ਦਾ ਵਫ਼ਦ, ਦਲਿਤ ਜਥੇਬੰਦੀਆਂ ਤੇ ਹੋਰ ਕਈ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।