ਫਾਈਲ ਫੋਟੋ
ਪਟਿਆਲਾ, 27 ਜਨਵਰੀ, 2017 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਵੱਲੋਂ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਹਾਰੇ ਅਤੇ ਅਸਫਲ ਮੁੱਖ ਮੰਤਰੀ ਵਿਚ ਮੁੜ ਭਰੋਸਾ ਜਤਾਉਣਾ ਅਕਾਲੀ-ਭਾਜਪਾ ਗਠਜੋੜ ਲਈ ਖੁਸ਼ੀ ਦੀ ਖਬਰ ਹੈ।
ਉਹਨਾਂ ਕਿਹਾ ਕਿ ਰਾਹੁਲ ਵੱਲੋਂ ਅਮਰਿੰਦਰ ਦੀ ਮੁੱਖ ਮੰਤਰੀ ਉਮੀਦਵਾਰ ਵਜੋਂ ਘੋਸ਼ਣਾ ਇੱਕ ਚੰਗਾ ਸ਼ਗਨ ਹੈ। ਇਸ ਦਾ ਸਾਨੂੰ ਪਿਛਲੀ ਵਾਰ ਵੀ ਫਾਇਦਾ ਹੋਇਆ ਸੀ। ਸਾਡੀ ਲੜਾਈ ਤਾਂ ਜਿੱਤੀ ਪਈ ਹੈ। ਸਾਰੇ ਕਾਂਗਰਸੀ ਅਮਰਿੰਦਰ ਦੇ ਹੰਕਾਰੀ ਸੁਭਾਅ ਤੋਂ ਦੁਖੀ ਹੋਏ ਪਏ ਹਨ। ਸਾਰੀ ਸੀਨੀਅਰ ਲੀਡਰਸ਼ਿਪ ਚਾਹੇ ਇਹ ਮਨਪ੍ਰੀਤ ਬਾਦਲ ਹੋਵੇ, ਨਵਜੋਤ ਸਿੱਧੂ ਹੋਵੇ ,ਪ੍ਰਤਾਪ ਬਾਜਵਾ ਹੋਵੇ ਜਾਂ ਫਿਰ ਬੀਬੀ ਬੱਠਲ ਹੋਵੇ, ਕੋਈ ਵੀ ਉਸ ਨੂੰ ਮੁੱਖ ਮੰਤਰੀ ਬਣਿਆ ਨਹੀਂ ਵੇਖਣਾ ਚਾਹੁੰਦਾ। ਹੁਣ ਉਹ ਸਾਰੇ ਅਮਰਿੰਦਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਦੂਰ ਰੱਖਣ ਲਈ ਇੱਕਜੁਟ ਹੋ ਜਾਣਗੇ। ਹੁਣ ਸਾਡਾ ਕੰਮ ਕਾਂਗਰਸੀ ਆਗੂ ਕਰਨਗੇ।
ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਰਾਹੁਲ ਨੇ ਇੱਕ ਲੰਗੜਾ ਘੋੜਾ ਚੁਣਿਆ ਹੈ, ਜਿਹੜਾ ਦੋ ਵਾਰੀ ਹਾਰ ਚੁੱਕਿਆ ਹੈ। ਇਸ ਵਾਰ ਅਮਰਿੰਦਰ ਸਿਰਫ ਹਾਰਨ ਦੀ ਹੈਟ੍ਰਿਕ ਹੀਂ ਨਹੀਂ ਬਣਾਏਗਾ, ਸਗੋਂ ਆਪਣੇ ਨਾਲ ਉਹ ਕਾਂਗਰਸ ਪਾਰਟੀ ਨੂੰ ਵੀ ਲੈ ਡੁੱਬੇਗਾ। ਇਹ ਗੱਲ ਸਾਰੇ ਜਾਣਦੇ ਹਨ ਕਿ ਜਿਸ ਸੂਬੇ ਵਿਚ ਕਾਂਗਰਸ ਲਗਾਤਾਰ ਤਿੰਨ ਵਾਰੀ ਹਾਰੀ ਹੈ, ਉੱਥੇ ਇਸ ਦਾ ਸਿਆਸੀ ਵਜੂਦ ਖਤਮ ਹੋ ਜਾਂਦਾ ਹੈ। ਇਹ ਗੱਲ ਹੁਣ ਪੰਜਾਬ ਵਿਚ ਵੀ ਵਾਪਰਨ ਜਾ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇ ਰਾਹੁਲ ਇਹ ਸੋਚਦਾ ਹੈ ਕਿ ਅਮਰਿੰਦਰ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ ਤਾਂ ਉਸ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬੀ ਤੁਹਾਡੇ ਪਰਿਵਾਰ ਵੱਲੋਂ ਦਿੱਤੇ ਜ਼ਖਮਾਂ ਨੂੰ ਭੁੱਲੇ ਨਹੀਂ ਹਨ। ਤੁਹਾਡੀ ਦਾਦੀ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ। ਤੁਹਾਡੇ ਪਿਤਾ ਨੇ 1984 ਵਿਚ ਕਾਂਗਰਸੀਆਂ ਅਤੇ ਗੁੰਡਿਆਂ ਨੂੰ ਉਕਸਾ ਨੇ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ। ਪੰਜਾਬੀ ਕਿਸ ਤਰ੍ਹਾਂ ਤੁਹਾਡੇ ਅਤੇ ਤੁਹਾਡੇ ਨੁੰਮਾਇਦਿਆਂ ਉੱਤੇ ਭਰੋਸਾ ਕਰ ਸਕਦੇ ਹਨ?
ਸ਼ ਬਾਦਲ ਨੇ ਪੰਜਾਬੀਆਂ ਨੂੰ ਕਿਹਾ ਕਿ ਉਹ ਕਿਸੇ ਨੂੰ ਵੀ ਆਪਣਾ ਵੋਟ ਦੇਣ ਤੋਂ ਪਹਿਲਾਂ ਅਮਰਿੰਦਰ ਦੀ ਕਾਰਗੁਜ਼ਾਰੀ ਦਾ ਮੁæਲੰਕਣ ਜਰੂਰ ਕਰਨ। ਇਹ ਉਹ ਵਿਅਕਤੀ ਹੈ, ਜਿਹੜਾ ਸਾਲਾਂ ਬੱਧੀ ਪਟਿਆਲਾ ਤੋਂ ਜਿੱਤਦਾ ਰਿਹਾ ਹੈ, ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਹਲਕੇ ਦੇ ਕਿਸੇ ਵਾਰਡ ਵਿਚ ਕਦੇ ਪੈਰ ਨਹੀਂ ਧਰਿਆ। ਅਮਰਿੰਦਰ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਐਮਪੀ ਚੁਣੇ ਜਾਣ ਮਗਰੋ ਕਦੇ ਪਵਿੱਤਰ ਨਗਰੀ ਵਿਚ ਗੇੜਾ ਨਹੀਂ ਮਾਰਿਆ। ਨਾ ਉਹ ਕਦੇ ਸੰਸਦ ਵਿਚ ਗਿਆ। ਪੰਜਾਬ ਵਿਚੋਂ ਵੀ ਉਹ ਹਮੇਸ਼ਾਂ ਗਾਇਬ ਹੀ ਰਿਹਾ ਹੈ। ਤੁਸੀਂ ਅਜਿਹੇ ਵਿਅਕਤੀ Aੁੱਤੇ ਕਿਵੇਂ ਭਰੋਸਾ ਕਰ ਸਕਦੇ ਹੋ?
ਅਮਰਿੰਦਰ ਦੀ ਮੁੱਖ ਮੰਤਰੀ ਵਜੋਂ ਕਾਰਗੁਜ਼ਾਰੀ ਉੱਤੇ ਟਿੱਪਣੀ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਅਮਰਿੰਦਰ ਨੇ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਸੀ। ਉਸ ਨੇ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਸਨ। ਉਸ ਨੇ ਸਰਕਾਰੀ ਨੌਕਰੀਆਂ ਉੱਤੇ ਪਾਬੰਦੀ ਲਾ ਦਿੱਤੀ ਸੀ। ਮੁੱਖ ਮੰਤਰੀ ਵਜੋਂ ਇਹ ਉਸ ਦੇ ਕੰਮਾਂ ਦਾ ਕੱਚਾ ਚਿੱਠਾ ਹੈ। ਵਧੀਆ ਹੋਇਆ ਕਿ ਰਾਹੁਲ ਨੇ ਉਸ ਨੂੰ ਮੁੱਖ ਮੰਤਰੀ ਉਮੀਦਵਾਰ ਬਣਾ ਦਿੱਤਾ। ਸਾਡੇ ਵਾਸਤੇ ਇਹ ਬਹੁਤ ਵਧੀਆ ਖਬਰ ਹੈ।