ਅੰਮ੍ਰਿਤਸਰ, 27 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਬਾਅਦ ਠੇਕੇ ਉਪਰ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਪੰਜਾਬ ਦੇ ਅਧਿਆਪਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਸੁਲਝਾਉਣ ਦਾ ਭਰੋਸਾ ਦਿੱਤਾ ਹੈ।
ਉਨ੍ਹਾਂ ਨੇ ਇਹ ਭਰੋਸਾ, ਪੰਜਾਬ ਅਧਿਆਪਕ ਸੰਘ ਵੱਲੋਂ ਉਨ੍ਹਾਂ ਨੂੰ ਲਿੱਖੀ ਚਿੱਠੀ ਦੇ ਜਵਾਬ 'ਚ ਦਿੱਤਾ ਹੈ। ਜਿਸ ਚਿੱਠੀ ਰਾਹੀਂ ਪੰਜਾਬ ਅਧਿਆਪਕ ਸੰਘ ਨੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਚਿੱਠੀ 'ਚ ਪੰਜਾਬ ਅਧਿਆਪਕ ਸੰਘ ਦੇ ਪ੍ਰਧਾਨ ਨਿਰਮਲ ਸਿੰਘ ਫਤਹਿਪੁਰ ਤੇ ਜਨਰਲ ਸਕੱਤਰ ਰਮੇਸ਼ ਅੱਤਰੀ ਨੇ ਅਕਾਲੀ ਸਰਕਾਰ ਉਪਰ ਉਨ੍ਹਾਂ ਦੀਆਂ ਉਚਿਤ ਚਿੰਤਾਵਾਂ ਦਾ ਹੱਲ ਕਰਨ 'ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ ਅਤੇ ਕੈਪਟਨ ਅਮਰਿੰਦਰ ਨੂੰ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਬਣਨ 'ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਪੁਖਤਾ ਕਰਨ ਦੀ ਅਪੀਲ ਕੀਤੀ ਹੈ।
ਇਸ ਲੜੀ ਹੇਠ ਸੰਘ ਨੇ ਰੈਗੁਲਰ ਤੌਰ 'ਤੇ ਭਰਤੀਆਂ ਤੋਂ ਇਲਾਵਾ, ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀ ਮੰਗ ਰੱਖੀ ਹੈ, ਜਿਸ ਬਾਰੇ ਪੰਜਾਬ ਕਾਂਗਰਸ ਪਹਿਲਾਂ ਤੋਂ ਆਪਣੀ ਵਚਨਬੱਧਤਾ ਜਾਹਿਰ ਕਰ ਦਿੱਤੀ ਹੈ। ਇਸੇ ਤਰ੍ਹਾਂ, ਸੰਘ ਨੇ ਵਰਤਮਾਨ 'ਚ ਠੇਕੇ ਉਪਰ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਕਾਂਗਰਸ ਸਰਕਾਰ ਬਣਨ ਦੇ ਛੇ ਮਹੀਨਿਆਂ ਅੰਦਰ ਰੈਗੁਲਰ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਕਾਂਗਰਸ ਸਰਕਰਾ ਬਣਨ ਦੇ ਤਿੰਨ ਮਹੀਨਿਆਂ ਅੰਦਰ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ, ਅਤੇ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਅੰਦਰ ਮੁਲਾਜ਼ਮਾਂ ਦੇ ਬਕਾਇਆ ਸਾਰੇ ਮਹਿੰਗਾਈ ਭੱਤੇ ਅਦਾ ਕੀਤੇ ਜਾਣ।
ਚਿੱਠੀ 'ਚ ਉਨ੍ਹਾਂ ਨੇ ਅੱਗੇ ਕਿਹਾ ਕਿ ਡੀ.ਏ ਦੀਆਂ ਕਿਸ਼ਤਾਂ, ਬੋਨਸ ਤੇ ਵਿਦਿਆਰਥੀਆਂ ਦੀ ਪੜ੍ਹਾਈ ਵਾਸਤੇ ਭੱਤਿਆਂ ਦਾ ਸੂਬਾ ਸਰਕਾਰ ਵੱਲੋਂ ਕੇਂਦਰ ਦੀ ਤਰਜ਼ 'ਤੇ ਐਲਾਨ ਕੀਤਾ ਜਾਵੇ। ਸੂਬੇ ਦੇ ਮਾਫੀਏ ਤੋਂ ਪੈਸੇ ਦੇ ਖਰਚੇ ਉਪਰ ਕੋਈ ਰੋਕ ਨਹੀਂ ਲਗਾਈ ਜਾਵੇ ਅਤੇ 2002 ਤੋਂ 2007 ਦੀ ਤਰ੍ਹਾਂ ਸਾਰੀਆਂ ਉਚਿਤ ਅਦਾਇਗੀਆਂ ਲਈ ਮਾਲੀਆ ਖੁੱਲ੍ਹਾ ਰੱਖਿਆ ਜਾਵੇ।
ਫਤਹਿਪੁਰ ਤੇ ਅੱਤਰੀ ਨੇ ਆਪਣੀ ਚਿੱਠੀ 'ਚ ਕਿਹਾ ਕਿ ਸਕੂਲਾਂ 'ਚ ਸਾਰੀਆਂ ਸ੍ਰੇਣੀਆਂ ਹੇਠ ਖਾਲ੍ਹੀ ਅਸਾਮੀਆਂ ਨੂੰ ਜ਼ਲਦੀ ਤੋਂ ਜ਼ਲਦੀ ਭਰਿਆ ਜਾਵੇ, ਤਾਂ ਜੋ ਪੁਖਤਾ ਕੀਤਾ ਜਾ ਸਕੇ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲੇ। ਉਨ੍ਹਾਂ ਨੇ ਮੰਗ ਕੀਤੀ ਕਿ ਮੌਜ਼ੂਦਾ ਅਕਾਲੀ ਭਾਜਪਾ ਸਰਕਾਰ ਵੱਲੋਂ ਘਟਾਈ ਗਈ ਸੀਨੀਅਰਤਾ ਨੂੰ ਮੁੜ ਕਾਇਮ ਕੀਤਾ ਜਾਵੇ ਤੇ ਪੰਜਵੇਂ ਤਨਖਾਹ ਕਮਿਸ਼ਨ ਮੁਤਾਬਿਕ ਗ੍ਰੇਡ-ਪੇਅ ਦੇ ਅਧਾਰ 'ਤੇ ਸੀਨੀਅਰਤਾ ਸਿਸਟਮ ਤੈਅ ਕੀਤਾ ਜਾਵੇ।