ਚੰਡੀਗੜ੍ਹ, 27 ਜਨਵਰੀ, 2017 : ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਉਹ ਸੁਫਨੇ ਵਿਖਾ ਰਿਹਾ ਹੈ, ਜਿਹੜੇ ਉਸ ਦੀ ਸਰਕਾਰ ਨੇ ਦਿੱਲੀ ਵਾਸੀਆਂ ਦੇ ਅਜੇ ਤੱਕ ਪੂਰੇ ਨਹੀਂ ਕੀਤੇ।
ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ। ਉਹ ਆਪ ਵੱਲੋਂ ਸ਼ੁੱਕਰਵਾਰ ਨੂੰ 5 ਰੁਪਏ 'ਚ ਖਾਣਾ ਦੇਣ ਅਤੇ ਜਨ ਲੋਕ ਪਾਲ ਬਿਲ ਪਾਸ ਕਰਨ ਵਰਗੇ ਕੀਤੇ ਐਲਾਨਾਂ ਉੱਤੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਕੇਜਰੀਵਾਲ ਸੱਤਾ ਹਾਸਿਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਝੂਠੇ ਸਬਜ਼ਬਾਗ ਵਿਖਾ ਰਿਹਾ ਹੈ। ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਉੱਤੇ 5 ਰੁਪਏ ਵਿਚ ਪੌਸ਼ਟਕ ਖਾਣਾ ਦੇਣ ਦਾ ਵਾਅਦਾ ਕਰ ਰਿਹਾ ਹੈ।ਉਹ ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਨ ਲੋਕ ਪਾਲ ਬਿਲ ਪਾਸ ਕਰਨ ਦੀ ਗੱਲ ਕਰ ਰਿਹਾ ਹੈ। ਉਹ ਦਸੰਬਰ 2018 ਤਕ ਕਿਸਾਨਾਂ ਦਾ ਕਰਜ਼ਾ ਖਤਮ ਕਰਨ ਦੀ ਗੱਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਉਹ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ, ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਨੇ ਉਹਨਾਂ ਵਾਅਦਿਆਂ ਨੂੰ ਅਜੇ ਤੀਕ ਪੂਰਾ ਨਹੀ ਕੀਤਾ।
ਸ਼ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਆਪ ਸਰਕਾਰ ਵੱਲੋਂ 5 ਰੁਪਏ ਵਿਚ ਖਾਣਾ ਨਹੀਂ ਦਿੱਤਾ ਗਿਆ ਹੈ। ਨਾ ਹੀ ਦਿੱਲੀ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਨ ਲੋਕ ਪਾਲ ਬਿਲ ਪਾਸ ਕੀਤਾ ਗਿਆ ਹੈ। ਉਲਟਾ ਆਪ ਦੇ ਬਹੁਤ ਸਾਰੇ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਕੇਜਰੀਵਾਲ ਨੇ ਦਿੱਲੀ ਵਿਚ ਮੁਫਤ ਵਾਈ-ਫਾਈ ਦੇਣ ਦਾ ਵਾਅਦਾ ਕੀਤਾ ਸੀ, ਔਰਤਾਂ ਦੀ ਸੁਰੱਖਿਆ ਲਈ ਬੱਸਾਂ 'ਚ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਆਦਿ ਸਾਰੇ ਵਾਅਦੇ ਝੂਠੇ ਸਾਬਿਤ ਹੋਏ ਹਨ।
ਅਕਾਲੀ ਆਗੂ ਨੇ ਕਿਹਾ ਕਿ ਇਸ ਦੇ ਉਲਟ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ, ਨੌਜਵਾਨਾਂ ਅਤੇ ਗਰੀਬ ਤਬਕਿਆਂ ਦੀ ਭਲਾਈ ਲਈ ਜਿਹੜੇ ਵਾਅਦੇ ਕੀਤੇ ਸਨ, ਉਹਨਾਂ ਨੂੰ ਅੱਖਰ ਅੱਖਰ ਪੂਰਾ ਕਰ ਵਿਖਾਇਆ ਹੈ। ਕਿਸਾਨਾਂ ਲਈ ਮੁਫਤ ਬਿਜਲੀ, ਨੌਜਵਾਨਾਂ ਨੂੰ ਢਾਈ ਲੱਖ ਨੌਕਰੀਆਂ ਅਤੇ ਗਰੀਬ ਤਬਕਿਆਂ ਲਈ ਆਟਾ ਦਾਲ ਅਤੇ ਸ਼ਗਨ ਸਕੀਮ ਆਦਿ ਸਹੂਲਤਾਂ ਦਿੱਤੀਆਂ ਗਈਆਂ ਹਨ।