ਡਿਪਟੀ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਜਾਣਕਾਰੀ ਦਿੰਦੇ ਹੋਏ।
ਲੁਧਿਆਣਾ, 27 ਜਨਵਰੀ, 2017 : ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਲਈ ਲੁਧਿਆਣਾ ਪੁਲਿਸ ਵੱਲੋਂ ਪੁਲਿਸ ਕਮਿਸ਼ਨਰੇਟ ਸ੍ਰ. ਜਤਿੰਦਰ ਸਿੰਘ ਔਲਖ਼ ਦੀ ਸਚੁੱਜੀ ਅਗਵਾਈ ਵਿੱਚ ਬਕਾਇਦਾ ਮੁਸ਼ਤੈਦੀ ਵਰਤੀ ਜਾ ਰਹੀ ਹੈ, ਜਿਸ ਦੌਰਾਨ ਮਿਤੀ 1 ਜਨਵਰੀ 2017 ਤੋਂ ਲੈ ਕੇ 26 ਜਨਵਰੀ 2017 ਤੱਕ ਵੱਖ-ਵੱਖ ਥਾਣਿਆਂ, ਇੰਚਾਰਜ਼ ਯੂਨਿਟਾਂ ਅਤੇ ਹਲਕਾ ਅਫ਼ਸਰਾਂ ਵੱਲੋਂ ਨਾਕਾਬੰਦੀ ਕਰਕੇ ਨਗਦੀ, ਸੋਨਾ, ਚਾਂਦੀ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ ਹੈ। ਇਸ ਤੋਂ ਇਲਾਵਾ ਗੈਰ ਜ਼ਮਾਨਤੀ ਵਾਰੰਟਾਂ ਦੀ ਤਾਮੀਲ, ਅਸਲਾ ਲਾਇਸੰਸਦਾਰਾਂ ਦਾ ਅਸਲਾ ਜਮ੍ਹਾ ਕਰਨ ਅਤੇ ਪੀ.ਓ. ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਮਿਲੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਵੱਲੋਂ ਇਸ ਸਮੇਂ ਦੌਰਾਨ 2, 24,13,292 ਰੁਪਏ ਦੀ ਨਗਦੀ, 38 ਕਿਲੋ 985 ਗਰਾਮ ਗਾਂਜਾ, 416 ਗਰਾਮ ਹੈਰੋਇਨ, 3 ਕਿਲੋ 800 ਗਰਾਮ ਅਫੀਮ, 93 ਕਿਲੋ ਗਰਾਮ ਭੁੱਕੀ ਚੂਰਾ ਪੋਸਤ, 577 ਗਰਾਮ ਨਸ਼ੀਲਾ ਪਾਉਂਡਰ, 780 ਗੋਲੀਆਂ ਤੇ ਕੈਪਸੂਲ, 25829 ਅੰਗਰੇਜੀ ਸ਼ਰਾਬ ਦੀਆਂ ਬੋਤਲਾਂ, 16 ਕਿਲੋ 263 ਗਰਾਮ 180 ਮਿਲੀਗਰਾਮ ਸੋਨਾ, 70 ਗਰਾਮ ਚਾਂਦੀ ਅਤੇ ਇੱਕ ਪਿਸਟਲ 315 ਬੋਰ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਮਿਤੀ 19 ਜਨਵਰੀ 2017 ਨੂੰ ਇੱਕ ਨਾਕੇ ਦੌਰਾਨ ਆਈ-20 ਕਾਰ ਵਿੱਚੋਂ 20 ਰਾਈਫ਼ਲਾਂ 315 ਬੋਰ ਬਰਾਮਦ ਕੀਤੀਆਂ ਗਈਆਂ ਸਨ, ਜੋ ਕਿ ਬਿਨ੍ਹਾ ਸਕਿਊਰਟੀ ਮੋਹਾਲੀ ਹਵਾਈ ਅੱਡੇ ਤੋਂ ਫਿਰੋਜ਼ਪੁਰ ਲਿਜਾਈਆਂ ਜਾ ਰਹੀਆਂ ਸਨ। ਇਹਨਾਂ ਨੂੰ ਤਸਦੀਕ ਕਰਨ ਉਪਰੰਤ ਮਾਲਕਾਂ ਨੂੰ ਵਾਪਸ ਦੇ ਦਿੱਤੀਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ ਕੁੱਲ 14268 ਅਸਲਾ ਲਾਇਸੰਸਦਾਰ ਹਨ, ਜਿਨ੍ਹਾਂ ਪਾਸ ਕੁੱਲ 17243 ਅਸਲੇ ਹਨ, ਜਿਨ੍ਹਾਂ ਵਿੱਚੋਂ 16728 ਅਸਲੇ ਵੱਖ-ਵੱਖ ਥਾਣਿਆਂ ਅਤੇ ਗੰਨ ਹਾਊਸਾਂ ਵਿੱਚ ਜਮ੍ਹਾਂ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਵੱਖ-ਵੱਖ ਅਦਾਲਤਾਂ ਵੱਲੋਂ 469 ਦੋਸ਼ੀਆਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 452 ਵਾਰੰਟਾਂ ਦੀ ਤਾਮੀਲ ਕਰਵਾਈ ਜਾ ਚੁੱਕੀ ਹੈ।
ਸ੍ਰ. ਸਿੱਧੂ ਨੇ ਦੱਸਿਆ ਕਿ ਵੱਖ-ਵੱਖ ਮੁਕੱਦਮਿਆਂ ਦੇ ਭਗੌੜਿਆਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2017 ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਕਰਨ ਦੀ ਸੂਰਤ ਵਿੱਚ ਅਤੇ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਮਿਤੀ 27 ਅਕਤੂਬਰ 2016 ਤੋਂ ਮਿਤੀ 26 ਜਨਵਰੀ 2017 ਤੱਕ 456 ਭਗੌੜੇ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਲੁਧਿਆਣਾ ਪੁਲਿਸ ਵਿਧਾਨ ਸਭਾ ਚੋਣਾਂ ਅਮਨ ਸ਼ਾਂਤੀ ਨਾਲ ਕਰਾਉਣ ਲਈ ਵਚਨਬੱਧ ਹੈ।